7. ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼ ਲੁਧਿਆਣਾ 20-2-2019

ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਵਿਖੇ ਮਾਂ ਬੋਲੀ ਪੰਦਰਵਾੜੇ ਅਧੀਨ ਹੋਇਆ ਸਮਾਗਮ: 

ਮਿਤੀ 20 ਫਰਵਰੀ 2019 ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜੇ ਦਾ ਸਮਾਗਮ ਲੁਧਿਆਣਾ ਸ਼ਹਿਰ ਦੇ ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਵਿਖੇ ਕਰਵਾਇਆ ਗਿਆ।  ਕਾਲਜ ਪ੍ਰਿੰਸੀਪਲ ਦੀ ਅਗਵਾਈ ਵਿੱਚ ਕਾਲਜ ਦੇ ਸੈਮੀਨਾਰ ਹਾਲ ਵਿੱਚ ਲਗਭਗ 250 ਵਿਦਿਆਰਥਣਾਂ ਨੇ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਪੰਜਾਬੀ ਸੱਥ ਲੁਦੇਹਾਣਾ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਮਹਿੰਦਰ ਸਿੰਘ ਸੇਖੋਂ, ਦਵਿੰਦਰ ਸੇਖਾ, ਹਰਬਖਸ਼ ਸਿੰਘ ਗਰੇਵਾਲ, ਮਿੱਤਰ ਸੈਨ ਮੀਤ, ਸੁਖਇੰਦਰਪਾਲ ਸਿੰਘ ਸਿੱਧੂ, ਅਜੀਤ ਸਿੰਘ ਅਰੋੜਾ, ਸੁਖਦੇਵ ਸਿੰਘ ਲਾਜ ਅਤੇ ਪ੍ਰੋ. ਇੰਦਰਪਾਲ ਸਿੰਘ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾ ਅਮਨਦੀਪ ਸਿੰਘ ਨੇ ਕੀਤੀ। ਸਮਾਗਮ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਜੀਤ ਪਾਸੀ ਨੇ ਕਾਲਜ ਵਿੱਚ ਪਹੁੰਚੇ ਵੱਖੋ-ਵੱਖ ਸੰਸਥਾਂਵਾਂ ਦੇ ਨੁਮਾਇੰਦਿਆਂ ਅਤੇ ਹਾਜ਼ਰ ਸਰੋਤਿਆਂ ਲਈ ਸਵਾਗਤੀ ਸ਼ਬਦ ਕਹੇ। ਪਹਿਲੇ ਬੁਲਾਰੇ ਵਜੋਂ ਪ੍ਰੋ. ਇੰਦਰਪਾਲ ਸਿੰਘ ਨੇ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਅਣਦੇਖੀ ਦੇ ਕਾਰਨਾਂ ਅਤੇ ਉਹਨਾਂ ਦੇ ਹੱਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਇਹ ਵੀ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਪੰਜਾਬ ਅੰਦਰ ਪੰਜਾਬੀ ਭਾਸ਼ਾ ਦੀ ਸਥਿਤੀ ਪੰਜਾਬੀ ਭਾਸ਼ਾ ਹਿਤੈਸ਼ੀਆਂ ਦੇ ਯਤਨਾਂ ਨਾਲ ਬਿਹਤਰ ਹੋ ਜਾਏਗੀ, ਜਿਸ ਵਿੱਚ ਨੌਜਵਾਨ, ਵਿਦਿਆਰਥੀ ਵਰਗ ਦੀ ਭੂਮਿਕਾ ਸਭ ਤੋਂ ਵੱਡੀ ਹੋਵੇਗੀ। ਪ੍ਰਮੁੱਖ ਬੁਲਾਰੇ ਵਜੋਂ ਸ਼੍ਰੀ ਮਿਤਰ ਸੈਨ ਮੀਤ ਨੇ ਸਰਕਾਰ, ਰੁਜ਼ਗਾਰ ਅਤੇ ਪਰਿਵਾਰ ਵਿੱਚੋਂ ਪੰਜਾਬੀ ਦੇ ਅਲੋਪ ਹੋ ਜਾਣ ਦੇ ਕਾਰਨਾਂ ਦੀ ਪੜਚੋਲ ਕੀਤੀ ਅਤੇ ਮਾਂ ਬੋਲੀ ਪੰਜਾਬੀ ਨੂੰ ਮੁੜ ਸਰਕਾਰੇ ਦਰਬਾਰੇ ਬਣਦਾ ਥਾਂ ਦਵਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਅਮਨਦੀਪ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਪੰਜਾਬੀ ਭਾਸ਼ਾ ਨੂੰ ਅਪਨਾਉਣ ਅਤੇ ਕੁਝ ਬਣ ਕੇ ਵਿਖਾਉਣ ਦਾ ਸੰਕਲਪ ਧਾਰਨ ਕਰਨ ਲਈ ਵੀ ਕਿਹਾ। ਇਸ ਸਮਾਗਮ ਵਿਚ ਕਾਲਜ ਵਿੱਚ ਕਰਵਾਏ ਗਏ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਪੰਜਾਬੀ ਸੱਥ ਵੱਲੋਂ ਪੁਸਤਕਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ। ਇਹਨਾਂ ਮੁਕਾਬਲਿਆਂ ਵਿੱਚੋਂ ਕਵਿਤਾ ਮੁਕਾਬਲੇ ਵਿੱਚ

ਪਹਿਲਾ ਇਨਾਮ: ਅਮਨਪ੍ਰੀਤ ਕੌਰ

ਦੂਜਾ ਇਨਾਮ: ਗੁਰਸਿਮਰਤ ਕੌਰ

ਲੋਕ-ਗੀਤ ਗਾਇਨ ਮੁਕਾਬਲੇ ਵਿੱਚ

ਪਹਿਲਾ ਇਨਾਮ : ਸਿਮਰਨਜੀਤ ਕੌਰ

ਲੇਖ ਮੁਕਾਬਲੇ ਵਿੱਚ

ਪਹਿਲਾ ਇਨਾਮ: ਅਰਸ਼ਦੀਪ ਕੌਰ

ਦੂਜਾ ਇਨਾਮ: ਸਿਮਰਨਜੀਤ ਕੌਰ

ਤੀਜਾ ਇਨਾਮ: ਅੰਜਲੀ

ਨੂੰ ਪ੍ਰਾਪਤ ਹੋਇਆ।

ਸ਼੍ਰੀ ਮਿੱਤਰ ਸੈਨ ਮੀਤ ਜੀ ਵੱਲੋਂ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ’ ਪੁਸਤਕ ਕਾਲਜ ਪ੍ਰਿੰਸੀਪਲ ਨੂੰ ਕਾਲਜ ਲਾਇਬ੍ਰੇਰੀ ਲਈ ਭੇਟ ਕੀਤੀ ਗਈ ਅਤੇ ਪੰਜਾਬੀ ਸੱਥ ਲੁਦੇਹਾਣਾ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਨਾਲ ਕਾਲਜ ਪ੍ਰਿੰਸੀਪਲ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਲਜ ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਸੱਥ ਦੇ ਹਰ ਨੁਮਾਇੰਦੇ ਨੂੰ ਕਾਲਜ ਵੱਲੋਂ ਪ੍ਰਕਾਸ਼ਿਤ ‘ਪੰਜਾਬੀ ਭਾਸ਼ਾ ਦਾ ਭਵਿੱਖ’ ਨਾਮ ਦੀ ਮਹਤਵਪੂਰਨ ਪੁਸਤਕ ਭੇਂਟ ਕੀਤੀ ਗਈ। ਸਮਾਗਮ ਵਿੱਚ ਪ੍ਰਧਾਨਗੀ ਸ਼ਬਦ ਸ਼੍ਰੀ ਅਮਨਦੀਪ ਸਿੰਘ ਨੇ ਕਹੇ ਜੋ ਡਾਕ ਵਿਭਾਗ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਬਤੌਰ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸਜ਼ ਵਜੋਂ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਉਹਨਾਂ ਨੇ ਪੰਜਾਬੀ ਮਾਧਿਅਮ ਵਿੱਚ ਤੇ ਪੰਜਾਬੀ ਨੂੰ ਮੁਖ ਵਿਸ਼ੇ ਵਜੋਂ ਲੈ ਕੇ ਆਈ. ਏ. ਐਸ. ਦਾ ਇਮਤਿਹਾਨ ਪਾਸ ਕੀਤਾ ਹੈ ਅਤੇ ਇੰਟਰਵਿਊ ਵੀ ਪੰਜਾਬੀ ਵਿੱਚ ਹੀ ਦਿੱਤੀ ਹੈ, ਅਤੇ ਅਜਿਹਾ ਕੰਮ ਵਿਦਿਆਰਥੀ ਵੀ ਕਰ ਸਕਦੇ ਹਨ। ਉਹਨਾਂ ਦੇ ਵਿਚਾਰਾਂ ਨਾਲ ਵਿਦਿਆਰਥਣਾਂ ਨੂੰ ਬਹੁਤ ਹੱਲਾਸ਼ੇਰੀ ਅਤੇ ਪ੍ਰੇਰਨਾ ਮਿਲੀ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਸਮੇਧਾ ਵਧਵਾ ਵੱਲੋਂ ਸਮਾਗਮ ਦੇ ਅੰਤ ਵਿੱਚ ਹਾਜ਼ਰ ਨੁਮਾਇੰਦਿਆਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਲਈ ਮੰਚ ਦਾ ਸੰਚਾਲਨ ਦਾ ਕਾਰਜ ਪੰਜਾਬੀ ਵਿਭਾਗ ਦੇ ਪ੍ਰੋ. ਜਸਪ੍ਰੀਤ ਕੌਰ ਨੇ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਕੀਤਾ।

ਸ਼੍ਰੀ ਮਿੱਤਰ ਸੈਨ ਮੀਤ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ
ਪ੍ਰੋ ਇੰਦਰਪਾਲ ਸਿੰਘ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ
ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਅਮਨਦੀਪ ਸਿੰਘ ਨਾਲ ਸ਼੍ਰੀ ਮਿੱਤਰ ਸੈਨ ਮੀਤ, ਪ੍ਰੋ. ਇੰਦਰਪਾਲ ਸਿੰਘ ਅਤੇ ਡਾ. ਪਰਮਜੀਤ ਕੌਰ ਪਾਸੀ
  ਇੱਕ ਜੇਤੂ ਵਿਦਿਆਰਥਣ ਨੂੰ ਇਨਾਮ (ਕਿਤਾਬਾਂ) ਭੇਟ ਕਰਨ ਸਮੇਂ ਦੀ ਇੱਕ ਯਾਦਗਾਰੀ ਤਸਵੀਰ
ਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਮੈਂਬਰਾਂ ਅਤੇ ਕਾਲਜ ਦੇ ਪੰਜਾਬੀ ਵਿਭਾਗ ਨਾਲ ਸਮਾਗਮ ਦੇ ਮੁੱਖ ਮਹਿਮਾਨ ਦੀ ਇੱਕ ਯਾਦਗਾਰੀ ਤਸਵੀਰ
ਇੱਕ ਜੇਤੂ ਵਿਦਿਆਰਥਣ ਨੂੰ ਡਾ. ਅਮਨਦੀਪ ਸਿੰਘ ਵੱਲੋਂ  ਇਨਾਮ (ਕਿਤਾਬਾਂ) ਭੇਟ ਕਰਨ ਸਮੇਂ ਦੀ ਇੱਕ ਯਾਦਗਾਰੀ ਤਸਵੀਰ
ਸਮਾਗਮ ਵਿੱਚ ਮੌਜੂਦ ਦਰਸ਼ਕ