ਚੇਤਨਾ ਪ੍ਰਕਾਸ਼ਨ ਅਤੇ ਕੰਟੀਨ ਦੀ ਫਿਟਿੰਗ ਤੇ ਲੱਖਾਂ ਦਾ ਖਰਚਾ
ਪਰ ਨਵੇਂ ਕਿਰਾਏਦਾਰਾਂ ਨੂੰ ਦੁਕਾਨ ਅੰਦਰ ਜਾਣ ਲਈ ਪੌੜੀਆਂ ਵੀ ਨਹੀਂ
ਪੁਸਤਕ ਬਜ਼ਾਰ ਵਿਚ ਬਣੀਆਂ ਦੁਕਾਨਾਂ ਦੀ ਕੁਰਸੀ ਜ਼ਮੀਨ ਤੋਂ ਦੋ-ਢਾਈ ਫੁੱਟ ਉੱਚੀ ਹੈ। ਪੁਸਤਕ ਬਜ਼ਾਰ ਦੀ ਇਮਾਰਤ ਦੀ ਉਸਾਰੀ ਸਮੇਂ ਕਿਰਾਏਦਾਰਾਂ ਅਤੇ ਗਾਹਕਾਂ ਲਈ ਦੁਕਾਨਾਂ ਵਿਚ ਜਾਣ ਲਈ ਪੌੜੀਆਂ ਦੀ ਵਿਵਸਥਾ ਦਾ ਪ੍ਰਬੰਧ ਨਹੀਂ ਸੀ ਕੀਤਾ ਗਿਆ। ਜਦੋਂ ਦੁਕਾਨਦਾਰਾਂ ਵੱਲੋਂ ਪੌੜੀਆਂ ਦੀ ਸਹੂਲਤ ਦੀ ਮੰਗ ਕੀਤੀ ਗਈ ਤਾਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਉਸਾਰੀ ਸਮੇਂ ਦੇ ਬਚੇ ਪਏ ਸੀਮਿੰਟ, ਬਜਰੀ ਅਤੇ ਰੇਤੇ ਦੀ ਵਰਤੋਂ ਕਰਕੇ, ਮਿਸਤਰੀ ਅਤੇ ਮਜ਼ਦੂਰਾਂ ਦਾ ਖਰਚਾ ਆਪਣੇ ਪਲਓਂ ਕਰਕੇ ਪੌੜੀਆਂ ਬਣਾ ਲੈਣ ਦਾ ਹੁਕਮ ਜਾਰੀ ਕੀਤਾ ਗਿਆ। ਮਜਬੂਰੀ ਵੱਸ ਦੁਕਾਨਦਾਰਾਂ ਨੂੰ ਮਜ਼ਦੂਰੀ ਤੇ ਪੰਦਰਾਂ-ਪੰਦਰਾਂ ਸੌ ਰੁਪਏ ਖਰਚ ਕੇ ਪੌੜੀਆਂ ਬਣਾਉਣੀਆਂ ਪਈਆਂ।
ਦੁਕਾਨਦਾਰਾਂ ਵੱਲੋਂ ਇਹ ਮਸਲਾ ਮਿੱਤਰ ਸੈਨ ਮੀਤ ਦੇ ਧਿਆਨ ਵਿਚ ਲਿਆਂਦਾ ਗਿਆ। ਮੀਤ ਵੱਲੋਂ ਚਿੱਠੀ (ਮਿਤੀ 29.06.2015 ਨੂੰ) ਲਿਖ ਕੇ, ਪ੍ਰਬੰਧਕਾਂ ਨੂੰ ਕੰਟੀਨ ਅਤੇ ਚੇਤਨਾ ਪ੍ਰਕਾਸ਼ਨ ਦੀਆਂ ਦੁਕਾਨਾਂ ਅੰਦਰ ਕੀਤੀ ਗਈ ਫਿਟਿੰਗ ਤੇ ਕੀਤੇ ਗਏ ਲੱਖਾਂ ਰੁਪਏ ਦੇ ਨਜਾਇਜ਼ ਖਰਚ ਦੀ ਯਾਦ ਕਰਵਾ ਕੇ, ਨਵੇਂ ਦੁਕਾਨਦਾਰਾਂ ਨੂੰ ਪੌੜੀਆਂ ਵਰਗੀ ਮੁੱਢਲੀ ਸਹੂਲਤ ਵੀ ਉਪਲਬਧ ਨਾ ਕਰਵਾਉਣ ਤੇ, ਪ੍ਰਬੰਧਕਾਂ ਵੱਲੋਂ ਨਵੇਂ ਦੁਕਾਨਦਾਰਾਂ ਨਾਲ ਕੀਤੇ ਜਾ ਰਹੇ ਇਸ ‘ਮਤਰੇਈ ਮਾਂ ਵਾਲੇ ਵਿਵਹਾਰ’ ਤੇ ਸਖ਼ਤ ਇਤਰਾਜ਼ ਕੀਤਾ ਗਿਆ।
ਇਸ ਚਿੱਠੀ ਦਾ ਜਵਾਬ (ਮਿਤੀ 04.08.2015) ਦੇਣ ਤੋਂ ਪਹਿਲਾਂ, ਪ੍ਰਬੰਧਕਾਂ ਵੱਲੋਂ ਦੁਕਾਨਦਾਰਾਂ ਨੂੰ ਉਨ੍ਹਾਂ ਵਲੋਂ ਖਰਚ ਕੀਤੇ ਪੈਸੇ ਵਾਪਸ ਕੀਤੇ ਗਏ ਅਤੇ ਫੇਰ ‘ਪੁਸਤਕ ਵਿਕਰੇਤਾਵਾਂ ਦੀਆਂ ਦੁਕਾਨਾਂ ਸਾਹਮਣੇ ਪੌੜੀਆਂ ਬਣਾਉਣ ਦਾ ਕੰਮ ਅਕਾਦਮੀ ਨੇ ਆਪਣੇ ਖਰਚੇ ਤੇ ਕੀਤਾ ਹੈ।‘ ਕਹਿ ਕੇ ਝੂਠ ਮਾਰਿਆ ਗਿਆ। ਨਾਲ ਹੀ ਇਹ ਵੀ ਮੰਨਿਆ ਗਿਆ ਕਿ ‘ਕੰਟੀਨ ਅਤੇ ਚੇਤਨਾ ਪ੍ਰਕਾਸ਼ਨ ਵਾਲੀ ਥਾਂ ਉੱਪਰ ਕੇਵਲ ਲੋੜੀਂਦਾ ਕੰਮ ਹੀ ਕਰਵਾਇਆ ਗਿਆ ਹੈ।‘ ‘ਲੋੜੀਂਦੇ ਕੰਮ’ ਤੇ ਕਿੰਨੇ ਰੁਪਏ ਖਰਚ ਹੋਏ ਇਹ ਛਪੁਆ ਲਿਆ ਗਿਆ।
ਮੀਤ ਵੱਲੋ਼ ਲਿਖੀ ਚਿੱਠੀ ਦਾ ਲਿੰਕ: https://punjabibpb.in/wp-content/uploads/2021/08/7.-Mitter-Sain-Meets-letter-Dt.-29.06.2015.pdf
ਅਕਾਦਮੀ ਦੇ ਜਵਾਬ ਦਾ ਲਿੰਕ: https://punjabibpb.in/wp-content/uploads/2021/08/7A.-Reply-from-PSA.-Dt.-4.8.15-of-Meets-letter.jpg