ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ

ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ-

ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ

ਪੰਜਵੀਂ ਕਹਾਣੀ: ਰਾਸ਼ਟਰੀ ਪੁਰਸਕਾਰਾਂ ਦੀ ਚੋਣ ਸਮੇਂ ਕਨਵੀਨਰਾਂ ਵੱਲੋਂ ਮਾਂ ਬੋਲੀ ਨਾਲ ਕੀਤਾ ਜਾਂਦਾ (ਦੇਸ਼) ਧ੍ਰੋਹ

ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਦੀ ਜਾਣਕਾਰੀ:- ਪਹਿਲਾਂ ਸਲਾਹਕਾਰ ਬੋਰਡ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰ ਦੇ ਵਿਸ਼ੇ ਨਾਲ ਸਬੰਧਤ ਮਾਹਿਰਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ। ਇਹ ਸੂਚੀ ਅਕਾਡਮੀ ਦੇ ਪ੍ਰਧਾਨ ਨੂੰ ਭੇਜੀ ਜਾਂਦੀ ਹੈ। ਪ੍ਰਧਾਨ ਨੇ ਉਸ ਸੂਚੀ ਵਿਚੋਂ ਪੁਰਸਕਾਰਾਂ ਦੇ ਉਮੀਦਵਾਰ ਦੀ ਚੋਣ ਕਰਨ ਲਈ ਬਣਨ ਵਾਲੀ ਜਿਊਰੀ ਦੇ ਤਿੰਨ ਮੈਂਬਰਾਂ ਦੇ ਨਾਂ ਚੁਣਨੇ ਹੁੰਦੇ ਹਨ। ਨਿਯਮਾਂ ਅਨੁਸਾਰ ਅਕਾਡਮੀ ਦੇ ਪ੍ਰਧਾਨ ਵੱਲੋਂ ਜਿਊਰੀ ਦੇ ਮੈਂਬਰਾਂ ਦੇ ਨਾਂ ਗੁਪਤ ਰੱਖਣੇ ਹੁੰਦੇ ਹਨ। ਅਕਾਡਮੀ ਦੇ ਪ੍ਰਧਾਨ ਨੇ ਕਿਉਂਕਿ ਦੇਸ਼ ਦੀਆਂ ਸਾਰੀਆਂ 22 ਭਾਸ਼ਾਵਾਂ ਦੇ ਸਾਹਿਤਕਾਰਾਂ/ ਵਿਦਵਾਨਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀਆਂ ਜਿਊਰੀਆਂ ਦੇ ਮੈਂਬਰਾਂ ਦੀ ਚੋਣ ਕਰਨੀ ਹੁੰਦੀ ਹੈ ਇਸ ਲਈ ਇਹ ਸੰਭਵ ਨਹੀਂ ਹੁੰਦਾ ਕਿ ਉਸ ਨੂੰ ਹਰ ਭਾਸ਼ਾ ਦੇ ਮਾਹਿਰਾਂ ਬਾਰੇ ਜਾਣਕਾਰੀ ਹੋਵੇ। ਇਸ ਲਈ ਜਿਊਰੀ ਮੈਂਬਰਾਂ ਦੀ ਚੋਣ ਸਮੇਂ ਉਹ ਸਬੰਧਤ ਭਾਸ਼ਾ ਦੇ ਸਲਾਹਕਾਰ ਬੋਰਡ ਦੇ ਕਨਵੀਨਰ ਦੀ ਰਾਏ ਲੈਂਦਾ ਹੈ। ਇੰਝ ਹੋਣ ਕਾਰਨ ਕਨਵੀਨਰ ਨੂੰ ਜਿਊਰੀ ਦੇ ਮੈਂਬਰਾਂ ਦਾ ਨਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ।

          ਸਲਾਹਕਾਰ ਬੋਰਡ ਦੇ ਮੈਂਬਰਾਂ ਅਤੇ ਕਨਵੀਨਰ ਵੱਲੋਂ ਆਪਣੇ ਪੱਖੀ ਸਾਹਿਤਕਾਰਾਂ ਨੂੰ ਪੁਰਸਕਾਰ ਦਵਾਉਣ ਲਈ ਜਿਊਰੀ ਦੇ ਮੈਂਬਰਾਂ ਤੇ ਖੁਦ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਰਾਹੀਂ ਦਬਾਅ ਬਣਾਇਆ ਜਾਂਦਾ ਹੈ। ਜਿਊਰੀ ਦੇ ਮੈਂਬਰ ਕਿਉਂਕਿ ਸਲਾਹਕਾਰ ਬੋਰਡ ਦੇ ਮੈਂਬਰਾਂ ਅਤੇ ਕਨਵੀਨਰ ਦੀ ਮੇਹਰਬਾਨੀ ਕਾਰਨ ਬਣੇ ਹੁੰਦੇ ਹਨ, ਉਨ੍ਹਾਂ ਨੂੰ ਜਹਾਜਾਂ ਤੇ ਚੜ੍ਹ ਕੇ ਪੰਜ ਸਿਤਾਰਾ ਹੋਟਲਾਂ ਵਿਚ ਠਹਿਰਣ, ਸਾਹਿਤ ਅਕਾਡਮੀ ਦੇ ਸਮਾਗਮਾਂ ਵਿਚ ਮੁੱਖ ਮਹਿਮਾਨ/ ਵਕਤਾ ਆਦਿ ਬਣਨ ਦੀ ਲਾਲਸਾ ਹੁੰਦੀ ਹੈ। ਇਸ ਲਈ ਜਿਊਰੀ ਦੇ ਮੈਂਬਰ ਬੋਰਡ ਦੇ ਮੈਂਬਰਾਂ ਅਤੇ ਕਨਵੀਨਰ ਦੇ ਅਹਿਸਾਨਾਂ ਦੀ ਭਾਜੀ ਮੋੜਨ ਲਈ ਕਾਹਲੇ ਹੁੰਦੇ ਹਨ। ਉਹ ਉਮੀਦਵਾਰ ਦੇ ਕੰਮ ਦੀ ਗੁਣਵਤਾ ਦੀ ਥਾਂ ਉਸ ਦੇ ਅਸਰ-ਰਸੂਖ਼ ਨੂੰ ਵੱਧ ਮਹੱਤਵ ਦਿੰਦੇ ਹਨ।

          ਸਲਾਹਕਾਰ ਬੋਰਡ ਦੇ ਅੱਠ ਮੈਂਬਰਾਂ (ਜਿਨ੍ਹਾਂ ਵਿਚੋਂ ਇੱਕ ਸਲਾਹਕਾਰ ਬੋਰਡ ਦਾ ਸਾਬਕਾ ਕਨਵੀਨਰ ਵੀ ਹੈ) ਵੱਲੋਂ ਮਿਤੀ 08 ਜੁਲਾਈ 2020 ਨੂੰ ਪ੍ਰਧਾਨ ਨੂੰ ਲਿਖੀ ਚਿੱਠੀ ਵਿਚ ਜੋ ਦੋਸ਼ ਲਗਾਏ ਗਏ ਸਨ ਉਨ੍ਹਾਂ ਵਿਚੋਂ ਮੁੱਖ ਅਤੇ ਪਹਿਲਾ ਇਹ ਸੀ ਕਿ ਅਕਾਡਮੀ ਵੱਲੋਂ ਦਿੱਤੇ ਜਾਂਦੇ ਰਾਸ਼ਟਰੀ ਪੁਰਸਕਾਰਾਂ ਦਾ ਫ਼ੈਸਲਾ ਕਰਨ ਲਈ ਬਣਦੀ ਤਿੰਨ ਮੈਂਬਰੀ ਜਿਊਰੀ ਨੂੰ ਕਨਵੀਨਰ ਆਪਣੇ ਅਧਿਕਾਰਾਂ ਦੀ ਨਜਾਇਜ਼ ਵਰਤੋਂ ਕਰਕੇ ਪ੍ਰਭਾਵਿਤ ਕਰਦੇ ਹਨ। ਅਤੇ ਉਹ ਜਿਊਰੀ ਮੈਂਬਰਾਂ ਤੋਂ ਆਪਣੀ ਮਰਜ਼ੀ ਦੇ ਵਿਅਕਤੀਆਂ ਨੂੰ ਰਾਸ਼ਟਰੀ ਪੁਰਸਕਾਰ ਦੇਣ ਲਈ ਦਬਾਅ ਬਣਾਉਂਦੇ ਹਨ।

          ਚਿੱਠੀ ਮਿਤੀ 08.07.2020 ਦਾ ਸਬੰਧਤ ਪੈਰ੍ਹਾ:

          i) “It has been observed that the secrecy is not being adhered to and maintained by Dr.Vanita with respect to national awards because the information regarding the recipients of the awards is shared by the Convener to her selective well-wishers and crony friends well in advance and sometime before announcement of awards. The personal whims and desires are being imposed on the Jury Members by the Convener by misusing her official powers and by influencing the jury regarding the decision making on the core issues of awards of all categories of Punjabi language.”

ਇਸ ਪੂਰੀ ਚਿੱਠੀ ਦਾ ਲਿੰਕ:-

https://punjabibpb.in/wp-content/uploads/2021/01/1.COMPLAINT.pdf

          ਇਸ ਦੋਸ਼ ਦਾ ਸਪੱਸ਼ਟੀਕਰਨ ਦਿੰਦੇ ਹੋਏ ਕਨਵੀਨਰ ਵੱਲੋਂ ਉਲਟਾ ਸਲਾਹਕਾਰ ਬੋਰਡ ਦੇ ਸਾਬਕਾ ਕਨਵੀਨਰ ਡਾ.ਦੀਪਕ ਮਨਮੋਹਨ ਸਿੰਘ ਉੱਪਰ ਹੀ ਇਹੋ ਦੋਸ਼ ਲਗਾ ਦਿੱਤੇ ਗਏ। ਉਨ੍ਹਾਂ ਵੱਲੋਂ ਲਿਖਿਆ ਗਿਆ ਕਿ ਡਾ.ਦੀਪਕ ਮਨਮੋਹਨ ਸਿੰਘ ਹਮੇਸ਼ਾਂ ਹੀ ਉਨ੍ਹਾਂ ਨੂੰ ਜਿਊਰੀ ਮੈਂਬਰਾਂ ਦੇ ਨਾਂ ਪਹਿਲਾਂ ਹੀ ਦੱਸਣ ਲਈ ਕਹਿੰਦੇ ਰਹਿੰਦੇ ਹਨ ਤਾਂ ਜੋ ਉਹ ਜਿਊਰੀ ਮੈਂਬਰਾਂ ਤੱਕ ਪਹੁੰਚ ਕਰਕੇ ਆਪਣੀ ਮਰਜ਼ੀ ਦੇ ਸਾਹਿਤਕਾਰਾਂ ਨੂੰ ਰਾਸ਼ਟਰੀ ਪੁਰਸਕਾਰ ਦਵਾ ਸਕਣ। ਕਨਵੀਨਰ ਵੱਲੋਂ ਇਹ ਕਹੇ ਜਾਣ ਤੇ ਕਿ ਜਿਊਰੀ ਮੈਂਬਰਾਂ ਦੇ ਨਾਂ ਅਕਾਡਮੀ ਦੇ ਪ੍ਰਧਾਨ ਵੱਲੋਂ ਖੁਦ ਤੈਅ ਕੀਤੇ ਜਾਂਦੇ ਹਨ ਅਤੇ ਜਿਊਰੀ ਮੈਂਬਰਾਂ ਦੇ ਨਾਵਾਂ ਦਾ ਕਨਵੀਨਰ ਨੂੰ ਪਤਾ ਨਹੀਂ ਹੁੰਦਾ ਤਾਂ ਇਸ ਜਵਾਬ ਤੇ ਡਾ.ਦੀਪਕ ਮਨਮੋਹਨ ਸਿੰਘ ਨੇ ਕਨਵੀਨਰ ਨੂੰ ਕਿਹਾ ਕਿ ਜਦੋਂ ਉਹ ਸਲਾਹਕਾਰ ਬੋਰਡ ਦੇ ਕਨਵੀਨਰ ਹੁੰਦੇ ਸਨ ਤਾਂ ਪ੍ਰਧਾਨ ਉਨ੍ਹਾਂ ਤੋਂ ਪੁੱਛ ਕੇ ਜਿਊਰੀ ਮੈਂਬਰਾਂ ਦੇ ਨਾਂ ਤੈਅ ਕਰਦੇ ਸਨ। ਇਸ ਤਰ੍ਹਾਂ ਉਸ (ਡਾ.ਦੀਪਕ ਮਨਮੋਹਨ ਸਿੰਘ) ਨੂੰ ਜਿਊਰੀ ਮੈਂਬਰਾਂ ਦੇ ਨਾਂ ਪਹਿਲਾਂ ਹੀ ਪਤਾ ਹੁੰਦੇ ਸਨ।

          ਕਨਵੀਨਰ ਦੀ ਚਿੱਠੀ ਮਿਤੀ 10.08.2020 ਦਾ ਸਬੰਧਤ ਪੈਰ੍ਹਾ:

          1) “… Jury members are selected by the President himself from the panel provided by the members of Advisory Board. So long as the maintenance of secrecy is concerned Dr. Deepak Manmohan Singh always insists that I should tell him the names of the Jury Members in advance. I humbly told him that Sahitya Akademi never disciose the names even to Convener but he never believed me by saying that when he was the Convener he was always being consulted by the President himself before selecting the Jury Members. Sir, you may judge from these irresponsible statements that how they want to favor their coterie by adhering to such tactics…”

ਇਸ ਪੂਰੀ ਚਿੱਠੀ ਦਾ ਲਿੰਕ:-

https://punjabibpb.in/wp-content/uploads/2021/01/2.REPLY-TO-COMPLAINT.pdf

          ਪਹਿਲਾਂ ਪੁਰਸਕਾਰਾਂ ਦੀ ਚੋਣ ਸਮੇਂ ਜਿਊਰੀ ਮੈਂਬਰਾਂ ਵੱਲੋਂ ਕੀਤੇ ਜਾਂਦੇ ਪੱਖਪਾਤ ਦੀਆਂ ਖ਼ਬਰਾਂ ਸਾਡੇ ਤੱਕ ਮੂੰਹ-ਜ਼ੁਬਾਨੀ ਹੀ ਪੁੱਜਦੀਆਂ ਸਨ। ਹੁਣ ਇਹ ਸੱਚ ਸਾਹਿਤ ਅਕਾਡਮੀ ਦੇ ਸਲਾਹਕਾਰ ਬੋਰਡ ਦੇ ਦੋ ਕਨਵੀਨਰਾਂ ਨੇ ਖੁਦ ਹੀ ਲਿਖਤੀ ਰੂਪ ਵਿਚ ਸਾਡੇ ਸਾਹਮਣੇ ਲਿਆ ਦਿੱਤਾ ਹੈ। ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਬਣੇ ਬੋਰਡ ਦੇ ਮੈਂਬਰ ਅਤੇ ਕਨਵੀਨਰ ਪੰਜਾਬੀ ਦੇ ਵਿਕਾਸ ਦੀ ਥਾਂ, ਮਾਂ (ਬੋਲੀ) ਦਾ ਦੁੱਧ ਹੀ ਨਹੀਂ ਚੂੰਡਦੇ ਸਗੋਂ ਉਸ ਨਾਲ ਧ੍ਰੋਹ (ਜੋ ਦੇਸ਼ ਧ੍ਰੋਹ ਨਾਲੋਂ ਵੀ ਭੈੜਾ ਹੈ) ਕਮਾਉਂਦੇ ਹਨ।

ਨੋਟ: ਇਸ ਦੋਸ਼-ਪ੍ਰਤੀਦੋਸ਼ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਸ਼ਟਰੀ ਪੁਰਸਕਾਰਾਂ ਦੀ ਚੋਣ ਸਮੇਂ ਵੀ ਸਲਾਹਕਾਰ ਬੋਰਡ ਦੇ ਮੈਂਬਰ ਮਨਮਾਨੀਆਂ ਕਰਦੇ ਹਨ। ਪੁਰਸਕਾਰ ਕੰਮ ਦੀ ਥਾਂ ਭਾਈ-ਭਤੀਜਾਵਾਦ ਦੇ ਅਧਾਰ ਤੇ ਮਿਲਦੇ ਹਨ।

– ਹਰਬਖਸ਼ ਸਿੰਘ ਗਰੇਵਾਲ

ਸੰਚਾਲਕ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ