ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦਾ ਸੰਵਿਧਾਨ, ਨਿਯਮ ਅਤੇ ਉਪ-ਨਿਯਮ
ਸੰਸਥਾ ਦਾ ਨਾਂ: ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਹੋਵੇਗਾ।
ਮੁੱਖ ਦਫ਼ਤਰ: ਸੰਸਥਾ ਦਾ ਮੁੱਖ ਦਫ਼ਤਰ ਲੁਧਿਆਣਾ ਵਿੱਚ ਹੋਵੇਗਾ ਪਰ ਇਸ ਦੇ ਸਹਾਇਕ/ਅਧੀਨ ਦਫ਼ਤਰ, ਦੇਸ਼ ਦੇ ਹੋਰ ਭਾਗਾਂ ਅਤੇ ਵਿਦੇਸ਼ਾਂ ਵਿੱਚ ਸਥਾਪਤ ਕੀਤੇ ਜਾ ਸਕਣਗੇ।
1. ਸੰਸਥਾ ਦੀ ਸਥਾਪਿਤੀ ਦਾ ਉਦੇਸ਼:
(ੳ) ਅੰਤਰ-ਰਾਸ਼ਟਰੀ ਪੱਧਰ ਤੱਕ ਪੰਜਾਬੀ ਭਾਈਚਾਰੇ ਨੂੰ ਇੱਕਜੁਟ ਕਰਕੇ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਸਿਰਤੋੜ ਯਤਨ ਕਰਨੇ।
(ਅ) 1. ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਦਫ਼ਤਰਾਂ ਵਿਚ ‘ਸਾਰਾ ਦਫ਼ਤਰੀ ਕੰਮ-ਕਾਜ’ਪੰਜਾਬੀ ਵਿਚ ਕੀਤਾ
ਜਾਣਾ ਯਕੀਨੀ ਬਣਾਉਣਾ।
2. ਪੰਜਾਬ ਵਿਚ ਸਥਿਤ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੰਜਾਬੀ ਦੀ ਪੜ੍ਹਾਈ ਕਰਾਏ ਜਾਣ ਨੂੰ ਯਕੀਨੀ ਬਣਾਉਣਾ।
3. ਪੰਜਾਬੀ ਬੋਲਣ ਤੇ ਲਾਈ ਜਾਂਦੀ ਪਾਬੰਦੀ ਹਟਾਉਣਾ ਅਤੇ ਹੁੰਦੇ ਜੁਰਮਾਨੇ ਰੁਕਵਾਉਣਾ।
ਸਪੱਸ਼ਟੀਕਰਨ
1. ਭਾਈਚਾਰਾ ਕਿਸੇ ਦੂਜੀ ਭਾਸ਼ਾ ਦੇ ਉੱਕਾ ਵਿਰੁੱਧ ਨਹੀਂ ਹੈ। ਕੇਵਲ ਪੰਜਾਬੀ ਨੂੰ ਬਣਦੀ ਥਾਂ ਦਿਵਾਉਣ ਲਈ ਸੰਘਰਸ਼ਸ਼ੀਲ ਰਹੇਗਾ।
2. ਭਾਈਚਾਰੇ ਦੀ ਹਰ ਪੱਧਰ ਦੀ ਇਕਾਈ, ਪੰਜਾਬੀ ਭਾਸ਼ਾ ਦੇ ਪਸਾਰ ਲਈ ਬਣੇ ਕਾਨੂੰਨਾਂ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਾਂ ਨੂੰ ਲਾਗੂ ਕਰਾਉਣ ਲਈ, ਕਾਨੂੰਨ ਦੀ ਉਲੰਘਣਾ ਕਰਨ ਦੀ ਥਾਂ, ਸੁਖਾਵੇਂ ਮਾਹੌਲ ਵਿਚ ਸਰਕਾਰ ਅਤੇ ਅਫਸਰਾਂ ਨਾਲ ਗੱਲਬਾਤ ਕਰਨ ਦਾ ਰਾਹ ਅਪਣਾਉਣ ਨੂੰ ਪਹਿਲ ਦਿੰਦੀ ਹੈ।
2. ਨਿਯਮ
ਵਿਆਖਿਆ: ਇਨ੍ਹਾਂ ਸਾਰੇ ਨਿਯਮਾਂ ਵਿਚ ਸ਼ਬਦ ‘ਭਾਈਚਾਰੇ’ ਦਾ ਭਾਵ ਹੈ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਸ਼ਬਦ ‘ਕਾਊਂਸਲ’ ਦਾ ਅਰਥ ਹੈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਜਨਰਲ ਕਾਊਂਸਲ ਤੇ ਕਾਰਜਕਾਰਨੀ ਦਾ ਮਤਲਬ ਹੈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਪੰਜਾਬ ਇਕਾਈ ਦੀ ਕਾਰਜਕਾਰਨੀ। ‘ਮੈਂਬਰ’ ਦਾ ਅਰਥ ਹੈ ਮੋਢੀ ਮੈਂਬਰ ਤੇ ਜੀਵਨ ਮੈਂਬਰ।
3. ਮੈਂਬਰੀ
ਭਾਈਚਾਰੇ ਦੇ ਦੋ ਪ੍ਰਕਾਰ ਦੇ ਮੈਂਬਰ ਹੋਣਗੇ।
(ੳ) ਮੋਢੀ ਮੈਂਬਰ
(ਅ) ਜੀਵਨ ਮੈਂਬਰ
(ੳ) ਮੋਢੀ ਮੈਂਬਰ
ਉਹ ਸਾਰੇ ਵਿਅਕਤੀ ਜਿਨ੍ਹਾਂ ਨੇ 31.12.2019 ਤੱਕ ਪੰਜ ਸੌ ਰੁਪਏ ਪੇਸ਼ਗੀ ਜਮ੍ਹਾਂ ਕਰਵਾਏ ਹਨ।
(ਅ) ਜੀਵਨ ਮੈਂਬਰ
ਪ੍ਰਧਾਨ ਜੀ ਦੀ ਪ੍ਰਵਾਨਗੀ ਨਾਲ ਜਨਰਲ ਸਕੱਤਰ ਜੀਵਨ ਮੈਂਬਰਾਂ ਨੂੰ ਭਰਤੀ ਕਰੇਗਾ ਅਤੇ ਪੰਜਾਬ ਇਕਾਈ ਦੀ ਕਾਰਜਕਾਰਨੀ ਵੱਲੋਂ ਉਨ੍ਹਾਂ ਦੀ ਪੁਸ਼ਟੀ ਕੀਤੀ ਜਾਵੇਗੀ। ਜਿਹੜਾ ਵਿਅਕਤੀ ਭਾਈਚਾਰੇ ਦਾ ਜੀਵਨ ਮੈਂਬਰ ਬਣਨ ਦਾ ਇੱਛੁਕ ਹੋਵੇ, ਉਸ ਲਈ ਯੋਗਤਾ ਨਿਮਨ ਪ੍ਰਕਾਰ ਹੈ:
(1) ਯੋਗਤਾ
ਉਸ ਨੇ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਨੂੰ ਭਰਪੂਰ ਤੇ ਅਮੀਰ ਬਣਾਉਣ ਲਈ ਸ਼ਲਾਘਾ ਯੋਗ ਹਿੱਸਾ ਪਾਇਆ ਹੋਵੇ ਅਤੇ ਇੱਕ ਸੌ ਰੁਪਏ ਮੈਂਬਰਸ਼ਿਪ ਫੀਸ ਵਜੋਂ ਜਮ੍ਹਾਂ ਕਰਾਈ ਹੋਵੇ।
ਪ੍ਬੰਧਕੀ ਢਾਂਚਾ: ਭਾਈਚਾਰੇ ਦੀਆਂ ਹੇਠ ਲਿਖੀਆਂ ਇਕਾਈਆਂ ਹੋਣਗੀਆਂ:
1. ਅੰਤਰ-ਰਾਸ਼ਟਰ ਪੰਚਾਇਤ
2. ਪੰਜਾਬ ਪੰਚਾਇਤ
3. ਜਿਲ੍ਹਾ ਇਕਾਈ
4. ਤਹਿਸੀਲ ਇਕਾਈ
ਵਿਸ਼ੇਸ਼ ਕਥਨ: ਅਹੁਦੇਦਾਰੀਆਂ ਦੀ ਹੋੜ ਤੋਂ ਬਚਣ ਲਈ ‘ਭਾਈਚਾਰੇ’ ਦੀ ਕਿਸੇ ਤਹਿਸੀਲ ਜਾਂ ਜ਼ਿਲ੍ਹਾ ਇਕਾਈ ਵਿੱਚ ਤਹਿਸੀਲ ਇੰਚਾਰਜ ਜਾਂ ਜ਼ਿਲ੍ਹਾ ਇੰਚਾਰਜ ਤੋਂ ਬਿਨ੍ਹਾਂ ਕੋਈ ਹੋਰ ਆਹੁੱਦੇਦਾਰ ਨਹੀਂ ਹੋਵੇਗਾ।
4. ਪੰਜਾਬ ਇਕਾਈ ਦੇ ਆਹੁੱਦੇਦਾਰ
(ੳ) ਭਾਈਚਾਰੇ ਦੇ ਹੇਠ ਲਿਖੇ ਆਹੁੱਦੇਦਾਰ ਹੋਣਗੇ:
ਪ੍ਰਧਾਨ: ਇੱਕ
ਸੀਨੀਅਰ ਮੀਤ ਪ੍ਰਧਾਨ: ਇੱਕ
ਮੀਤ ਪ੍ਰਧਾਨ: ਇੱਕ
ਜਨਰਲ ਸਕੱਤਰ: ਇੱਕ
ਸਕੱਤਰ: ਇੱਕ
(ਅ) ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਤੇ ਕਾਰਜਕਾਰਨੀ ਦੇ 5 ਮੈਂਬਰ ਜਨਰਲ ਕਾਊਂਸਲ ਵੱਲੋਂ ਆਪਣੇ ਵਿੱਚੋਂ ਹੀ ਚੁਣੇ ਜਾਣਗੇ। ਚੋਣ ਵਿਧੀ ਅੰਤਿਕਾ ‘ੳ’ ਵਿੱਚ ਦਰਜ ਹੈ। ਪਰ ਸ਼ਰਤ ਇਹ ਹੈ ਕਿ:
(1) ਕੋਈ ਵੀ ਚੁਣਿਆ ਹੋਇਆ ਆਹੁੱਦੇਦਾਰ, ਇੱਕੋ ਆਹੁੱਦੇ ਤੇ ਪੰਜ ਨਿਰੰਤਰ ਵਾਰੀਆਂ ਤੋਂ ਵੱਧ ਸਮੇਂ ਲਈ ਟਿਕਿਆ ਨਹੀਂ ਰਹਿ ਸਕਦਾ।
(2) ਭਾਈਚਾਰੇ ਦਾ ਕੋਈ ਵੀ ਤਨਖ਼ਾਹਦਾਰ ਮੁਲਾਜ਼ਮ ਜਾਂ ਕੋਈ ਵਿਅਕਤੀ ਜਿਸ ਦਾ ਕਿਸੇ ਵੀ ਢੰਗ ਨਾਲ ਭਾਈਚਾਰੇ ਨਾਲ ਵਿੱਤੀ ਵਰਤ-ਵਿਹਾਰ ਜਾਂ ਲੈਣ-ਦੇਣ ਹੋਵੇਗਾ, ਉਹ ਚੁਣੇ ਹੋਏ ਆਹੁੱਦੇ ਲਈ ਯੋਗ ਉਮੀਦਵਾਰ ਨਹੀਂ ਸਮਝਿਆ ਜਾਵੇਗਾ।
(3) ਸਾਰੇ ਆਹੁੱਦੇਦਾਰ ਤੇ ਕਾਰਜਕਾਰਨੀ ਦੇ ਮੈਂਬਰ ਦੋ ਸਾਲਾਂ ਲਈ ਆਪਣੇ ਪਦ ਤੇ ਬਣੇ ਰਹਿਣਗੇ।
5 (ੳ) ਪ੍ਰਧਾਨ ਜੀ ਜਨਰਲ ਕਾਊਂਸਲ ਤੇ ਪੰਜਾਬ ਇਕਾਈ ਦੀ ਕਾਰਜਕਾਰਨੀ ਦੀਆਂ ਸਾਰੀਆਂ ਇਕੱਤਰਤਾਵਾਂ ਦੀ ਪ੍ਰਧਾਨਗੀ ਕਰਨਗੇ ਅਤੇ ਉਨ੍ਹਾਂ ਨੂੰ ਕਾਸਟਿੰਗ ਵੋਟ ਦਾ ਅਧਿਕਾਰ ਹੋਵੇਗਾ।
(ਅ) ਪ੍ਰਧਾਨ ਜੀ ਦੀ ਗੈਰ ਹਾਜਰੀ ਵਿੱਚ ਸੀਨੀਅਰ ਮੀਤ ਪ੍ਰਧਾਨ, ਪ੍ਰਧਾਨ ਜੀ ਦੇ ਫ਼ਰਜ਼ ਨਿਭਾਉਣਗੇ। ਦੋਹਾਂ ਦੀ ਗੈਰ-ਹਾਜਰੀ ਦੀ ਸੂਰਤ ਵਿੱਚ ਮੀਤ ਪ੍ਰਧਾਨ ਇਹ ਫ਼ਰਜ਼ ਨਿਭਾਏਗਾ।
(ੲ) ਪ੍ਰਧਾਨ ਜੀ ਦੀ ਅਗਵਾਈ ਹੇਠ ਜਨਰਲ ਸਕੱਤਰ, ਭਾਈਚਾਰੇ ਦਾ ਪ੍ਰਮੁੱਖ ਪ੍ਰਬੰਧਕੀ ਅਫ਼ਸਰ ਹੋਵੇਗਾ ਅਤੇ ਉਹ ਕਾਰਜਕਾਰਨੀ ਅਤੇ ਜਨਰਲ ਕਾਊਂਸਲ ਸਾਹਮਣੇ ਜਵਾਬਦੇਹ ਹੋਵੇਗਾ। ਜਨਰਲ ਸਕੱਤਰ ਦੀ ਗੈਰ-ਹਾਜਰੀ ਵਿੱਚ ਸਕੱਤਰ, ਜਨਰਲ ਸਕੱਤਰ ਦੇ ਫ਼ਰਜ਼ ਨਿਭਾਏਗਾ।
6 ਭਾਈਚਾਰੇ ਦੀਆਂ ਸਾਰੀਆਂ ਸਰਗਰਮੀਆਂ ਬਾਰੇ ਠੀਕ ਢੰਗ ਨਾਲ ਤਾਲਮੇਲ ਕਾਇਮ ਰੱਖਣ ਲਈ ਜਨਰਲ ਸਕੱਤਰ ਸਾਰੀਆਂ ਸਥਾਈ ਉਪ-ਕਮੇਟੀਆਂ ਦਾ ਐਕਸ-ਆਫੀਸ਼ੋ ਮੈਂਬਰ ਹੋਵੇਗਾ।
7 ਜਨਰਲ ਕਾਊਂਸਲ
ਜਨਰਲ ਕਾਊਂਸਲ ਹੇਠ ਲਿਖੇ ਅਨੁਸਾਰ ਹੋਵੇਗੀ:
ਸਾਰੇ ਮੋਢੀ ਅਤੇ ਜੀਵਨ ਮੈਂਬਰ
8 ਕਾਰਜ ਜਾਂ ਅਧਿਕਾਰ ਖੇਤਰ
ਜਨਰਲ ਕਾਊਂਸਲ ਹੇਠ ਲਿਖੇ ਕਾਰਜ ਕਰੇਗੀ:
(ੳ) ਪ੍ਰਧਾਨ ਤੇ ਹੋਰ ਆਹੁੱਦੇਦਾਰਾਂ ਦੀ ਚੋਣ ਕਰੇਗੀ ਜਿਸ ਦੀਆਂ ਸ਼ਰਤਾਂ 4 (ਅ) ਵਿੱਚ ਦਰਜ ਹਨ ਅਤੇ ਚੋਣ ਵਿਧੀ ਅੰਤਿਕਾ ‘ੳ’ ਵਿੱਚ ਦਰਜ ਹੈ।
(ਅ) ਕਾਰਜਕਾਰਨੀ ਵੱਲੋਂ ਕੀਤੀ ਸਿਫ਼ਾਰਿਸ਼ ਅਨੁਸਾਰ ਸਲਾਨਾ ਬਜਟ ਦੀ ਪ੍ਰਵਾਨਗੀ ਦੇਵੇਗੀ।
(ੲ) ਆਡੀਟਰਾਂ ਦੀ ਨਿਯੁਕਤੀ ਕਰੇਗੀ।
(ਸ) ਕਾਰਜਕਾਰਨੀ ਵੱਲੋਂ ਸੁਝਾਏ ਗਏ ਪ੍ਰੋਗਰਾਮਾਂ ਤੇ ਯੋਜਨਾਵਾਂ ਤੇ ਵਿਚਾਰ ਕਰਕੇ ਪ੍ਰਵਾਨਗੀ ਦੇਵੇਗੀ।
(ਹ) ਸੰਵਿਧਾਨ ਦੇ ਪੁਰਾਣੇ ਨਿਯਮਾਂ ਵਿੱਚ ਤਰਮੀਮ ਕਰਨੀ ਜਾਂ ਨਵੇਂ ਨਿਯਮਾਂ ਉਪ-ਨਿਯਮਾਂ ਤੇ ਵਿਧੀਆਂ ਨੂੰ ਸ਼ਾਮਲ ਕਰਨਾ। ਪਰ ਇਸ ਲਈ ਸ਼ਰਤ ਇਹ ਹੋਵੇਗੀ ਕਿ ਓਨੀ ਦੇਰ ਤੱਕ ਵਰਤਮਾਨ ਨਿਯਮਾਂ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ ਜਦ ਤੱਕ ਕਿ ਇਸ ਵਿਸ਼ੇਸ਼ ਮੰਤਵ ਲਈ ਸੱਦੀ ਗਈ ਜਨਰਲ ਕਾਊਂਸਲ ਦੀ ਇਕੱਤਰਤਾ ਵਿੱਚ ਹਾਜਰ ਮੈਂਬਰਾਂ ਦੀ ਦੋ-ਤਿਹਾਈ ਗਿਣਤੀ ਇਸ ਦੀ ਪ੍ਰਵਾਨਗੀ ਨਹੀਂ ਦਿੰਦੀ।
9 ਜਨਰਲ ਕਾਊਂਸਲ ਦੀ ਇਕੱਤਰਤਾ
ਜਨਰਲ ਕਾਊਂਸਲ ਦੀ ਇਕੱਤਰਤਾ ਸਾਲ ਵਿੱਚ ਘੱਟੋ-ਘੱਟ ਇੱਕ ਵਾਰੀ ਹੋਵੇਗੀ ਜਿਸ ਲਈ ਥਾਂ ਤੇ ਤਰੀਕ ਦਾ ਨਿਰਣਾ ਪ੍ਰਧਾਨ ਜੀ ਕਾਰਜਕਾਰਨੀ ਦੀ ਸਲਾਹ ਨਾਲ ਲੈਣਗੇ। ਜੇ ਕਾਰਜਕਾਰਨੀ ਦੇ 40% ਮੈਂਬਰ ਜਾਂ ਜਨਰਲ ਕਾਊਂਸਲ ਦੇ 25% ਮੈਂਬਰ ਇਸ ਦੀ ਲਿਖਤੀ ਤੌਰ ਤੇ ਮੰਗ ਕਰਨ ਤਾਂ ਇਕੱਤਰਤਾ ਕਿਸੇ ਹੋਰ ਸਮੇਂ ਵੀ ਬੁਲਾਈ ਜਾ ਸਕਦੀ ਹੈ।
10 ਪੰਜਾਬ ਪੰਚਾਇਤ ਦੀ ਕਾਰਜਕਾਰਨੀ
ਪੰਜਾਬ ਪੰਚਾਇਤ ਦੀਕਾਰਜਕਾਰਨੀ ਵਿੱਚ ਹੇਠ ਲਿਖੇ ਸ਼ਾਮਲ ਹੋਣਗੇ:
(1) ਨਿਯਮ 4 (ੳ) ਵਿੱਚ ਦਰਜ ਸਾਰੇ ਆਹੁੱਦੇਦਾਰ।
(2) ਜਨਰਲ ਕਾਊਂਸਲ ਵੱਲੋਂ ਚੁਣੇ ਗਏ 5 ਮੈਂਬਰ
11 ਕਾਰਜਕਾਰਨੀ ਦਾ ਕਾਰਜ ਖੇਤਰ
ਕਾਰਜਕਾਰਨੀ ਦੇ ਹੇਠ ਲਿਖੇ ਅਧਿਕਾਰ ਤੇ ਕਾਰਜ-ਖੇਤਰ ਹੋਣਗੇ:
(ੳ) ਜਨਰਲ ਕਾਊਂਸਲ ਵੱਲੋਂ ਨਿਰਧਾਰਤ ਨੀਤੀ ਅਨੁਸਾਰ ਭਾਈਚਾਰੇ ਦੇ ਕਾਰਜਕਾਰੀ ਅਧਿਕਾਰਾਂ ਦੀ ਵਰਤੋਂ।
(ਅ) ਭਾਈਚਾਰੇ ਦੇ ਦਫ਼ਤਰ ਦੇ ਕੰਮ-ਕਾਰ ਦੀ ਨਿਗਰਾਨੀ ਤੇ ਨਿਯੰਤਰਣ ਦੀ ਜ਼ਿੰਮੇਵਾਰੀ ਨਿਭਾਉਣੀ।
(ੲ) ਜਨਰਲ ਕਾਊਂਸਲ ਦੀ ਪ੍ਰਵਾਨਗੀ ਲਈ ਪ੍ਰੋਗਰਾਮ ਤੇ ਨਿਸ਼ਚਿਤ ਯੋਜਨਾਵਾਂ ਤਿਆਰ ਕਰਨੀਆਂ।
(ਸ) ਜਨਰਲ ਕਾਊਂਸਲ ਦੀ ਪ੍ਰਵਾਨਗੀ ਲਈ ਭਾਈਚਾਰੇ ਦਾ ਸਲਾਨਾ ਬਜਟ ਤਿਆਰ ਕਰਨਾ।
(ਹ) ਜੇ ਕਾਰਜਕਾਰਨੀ ਦਾ ਚੁਣਿਆ ਹੋਇਆ ਕੋਈ ਮੈਂਬਰ ਲਗਾਤਾਰ ਚਾਰ ਇਕੱਤਰਤਾਵਾਂ ਵਿੱਚ ਬਿਨ੍ਹਾਂ ਲਿਖਤੀ ਜਾਣਕਾਰੀ ਦੇ ਗੈਰ-ਹਾਜਰ ਰਹੇ ਤਾਂ ਉਸ ਦੀ ਕਾਰਜਕਾਰਨੀ ਦੀ ਮੈਂਬਰਸ਼ਿਪ ਖਤਮ ਸਮਝੀ ਜਾਵੇਗੀ।
12 ਭਾਈਚਾਰੇ ਦਾ ਹਿਸਾਬ
(ੳ) ਭਾਈਚਾਰੇ ਦਾ ਹਿਸਾਬ ਕਾਰਜਕਾਰਨੀ ਵੱਲੋਂ ਪ੍ਰਵਾਣਿਤ ਕਿਸੇ ਬੈਂਕ ਵਿੱਚ ਰੱਖਿਆ ਜਾਵੇਗਾ।
(ਅ) ਹਿਸਾਬ ਪ੍ਰਧਾਨ ਤੇ ਜਨਰਲ ਸਕੱਤਰ ਦੇ ਸਾਂਝੇ ਨਾਂ ਤੋਂ ਹੋਵੇਗਾ। ਦੋਨਾਂ ਵਿੱਚੋਂ ਕੋਈ ਵੀ ਆਹੁੱਦੇਦਾਰ ਚੈਕਾਂ ਤੇ ਦਸਤਖਤ ਕਰ ਸਕੇਗਾ।
13 ਕੋਰਮ
ਪੰਜਾਬ ਪੰਚਾਇਤ ਦੀ ਕਾਰਜਕਾਰਨੀ ਦੀ ਇਕੱਤਰਤਾ ਲਈ ਕੋਰਮ ਇੱਕ-ਤਿਹਾਈ ਮੈਂਬਰਾਂ ਦਾ ਹੋਵੇਗਾ ਅਤੇ ਜਨਰਲ ਕਾਊਂਸਲ ਲਈ ਪੰਜਾਬ ਵਿਚ ਵਸਦੇ ਕੁੱਲ ਮੈਂਬਰਾਂ ਦਾ ਕੋਰਮ 1/10 ਹੋਵੇਗਾ। ਕੋਰਮ ਦੀ ਘਾਟ ਕਰਕੇ ਕੁਝ ਵਕਫ਼ੇ ਪਿੱਛੋਂ ਮੁੜ ਬੁਲਾਈ ਗਈ ਇਕੱਤਰਤਾ ਉੱਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ ਪਰ ਉਸ ਸੂਰਤ ਵਿੱਚ ਏਜੰਡਾ ਪਹਿਲਾਂ ਵਾਲਾ ਹੀ ਰਹੇਗਾ।
14 ਭਾਈਚਾਰੇ ਦੀ ਸੰਪਤੀ
ਭਾਈਚਾਰੇ ਦੀ ਸਮੁੱਚੀ ਸੰਪਤੀ ਦੀ ਵਰਤੋਂ ਕੇਵਲ ਇਸ ਦੇ ਆਸਿਆਂ ਤੇ ਮਨੋਰਥਾਂ ਦੀ ਪੂਰਤੀ ਲਈ ਕੀਤੀ ਜਾਵੇਗੀ। ਇਹ ਹੋਰ ਕਿਸੇ ਪ੍ਰਕਾਰ ਦੇ ਪਬਲਿਕ ਜਾਂ ਪ੍ਰਾਈਵੇਟ ਹਿੱਤਾਂ ਲਈ ਨਹੀਂ ਵਰਤੀ ਜਾ ਸਕੇਗੀ।
ਅੰਤਿਕਾ (ੳ)
ਆਹੁੱਦੇਦਾਰਾਂ ਦਾ ਚੋਣ ਨਿਯਮਾਵਲੀ
(1) ਕਾਰਜਕਾਰਨੀ ਭਾਈਚਾਰੇ ਦੀਆਂ ਚੋਣਾਂ ਕਰਵਾਉਣ ਲਈ ਕਿਸੇ ਯੋਗ ਵਿਅਕਤੀ ਨੂੰ ਰੀਟਰਨਿੰਗ ਅਫ਼ਸਰ ਮੁਕੱਰਰ ਕਰੇਗਾ, ਜਿਸ ਨੂੰ ਸੰਵਿਧਾਨ ਵਿੱਚ ਅੰਕਿਤ ਸ਼ਰਤਾਂ ਅਧੀਨ ਚੋਣਾਂ ਕਰਵਾਉਣ ਦੇ ਪੂਰਨ ਅਤੇ ਸੁਤੰਤਰ ਅਧਿਕਾਰ ਹੋਣਗੇ। ਦਫ਼ਤਰ ਵੱਲੋਂ ਉਸ ਵਿਅਕਤੀ ਨੂੰ ਹਰ ਪ੍ਰਕਾਰ ਦਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਜਨਰਲ ਕਾਊਂਸਲ ਦੇ ਮੈਂਬਰਾਂ ਦੀਆਂ ਸੂਚੀਆਂ, ਸਟੇਸ਼ਨਰੀ, ਪ੍ਰੋਫਾਰਮੇ ਆਦਿ ਤਿਆਰ ਕਰਨ ਵਿੱਚ ਸਹਾਇਤਾ ਦਿੱਤੀ ਜਾਏਗੀ। ਚੋਣਾਂ ਨਾਲ ਸਬੰਧਤ ਹਰ ਪ੍ਰਕਾਰ ਦੇ ਖਰਚੇ ਕਰਨ ਦਾ ਵੀ ਉਸ ਨੂੰ ਅਧਿਕਾਰ ਹੋਵੇਗਾ।
(2) ਰੀਟਰਨਿੰਗ ਅਫ਼ਸਰ ਸੰਵਿਧਾਨ ਅਧੀਨ ਚੁਣੇ ਜਾਣ ਵਾਲੇ ਆਹੁੱਦੇਦਾਰਾਂ ਪਾਸੋਂ ਇੱਕ ਨਿਸ਼ਚਿਤ ਮਿਤੀ ਅੰਦਰ ਦਸਤੀ, ਰਜਿਸਟਰਡ ਡਾਕ, ਸਪੀਡ ਪੋਸਟ, ਕੋਰੀਅਰ ਜਿਹੇ ਪੱਕੇ ਸਾਧਨਾਂ ਰਾਹੀਂ ਨਾਮਜ਼ਦਗੀ ਪੱਤਰਾਂ ਦੀ ਮੰਗ ਕਰੇਗਾ। ਨਾਮਜ਼ਦਗੀ ਪੱਤਰਾਂ ਦੀ ਮੰਗ ਸਮੇਂ ਉਹ ਹਰ ਮੈਂਬਰ ਨੂੰ ਸੰਵਿਧਾਨ ਦੀ ਕਾਪੀ ਤੇ ਜਨਰਲ ਕਾਊਂਸਲ ਦੇ ਮੈਂਬਰਾਂ ਦੀ ਸੂਚੀ ਭੇਜੇਗਾ, ਜਿਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਹੋਵੇਗਾ।
(3) ਨਾਮਜ਼ਦਗੀ ਪੱਤਰ ਦਾ ਨਮੂਨੇ ਦਾ ਫਾਰਮ ਹਰ ਮੈਂਬਰ ਨੂੰ ਭੇਜਿਆ ਜਾਏਗਾ ਜਿਸ ਵਿੱਚ ਉਮੀਦਵਾਰ ਦਾ ਨਾਂ ਅਤੇ ਆਹੁੱਦਾ ਜਿਸ ਲਈ ਖੜਾ ਹੋ ਰਿਹਾ ਹੈ ਸਬੰਧੀ ਤਜਵੀਜ਼ ਜਨਰਲ ਕਾਊਂਸਲ ਦੇ ਕਿਸੇ ਹੋਰ ਮੈਂਬਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਸ ਨਾਮਜ਼ਦਗੀ ਦੀ ਕਿਸੇ ਹੋਰ ਮੈਂਬਰ ਦੁਆਰਾ ਪੁਸ਼ਟੀ ਵੀ ਜ਼ਰੂਰੀ ਹੈ। ਨਾਮਜ਼ਦ ਕੀਤੇ ਜਾ ਰਹੇ ਮੈਂਬਰ ਵੱਲੋਂ ਰਜ਼ਾਮੰਦੀ ਵਜੋਂ ਤਸਦੀਕ ਵੀ ਹੋਣੀ ਚਾਹੀਦੀ ਹੈ ਕਿ ਉਹ ਉਸ ਆਹੁੱਦੇ ਲਈ ਚੋਣ ਵਿੱਚ ਭਾਗ ਲੈ ਰਿਹਾ ਹੈ।
(4) ਕੋਈ ਵੀ ਮੈਂਬਰ ਆਪਣੇ ਸਮੇਤ ਆਹੁੱਦੇਦਾਰਾਂ ਅਤੇ ਕਾਰਜਕਾਰਨੀ ਲਈ ਨਿਸ਼ਚਿਤ ਗਿਣਤੀ ਤੋਂ ਵੱਧ ਨਾਵਾਂ ਦੀ ਤਜਵੀਜ਼/ਤਾਈਦ ਨਹੀਂ ਕਰ ਸਕਦਾ।
(5) (ੳ) ਇੱਕ ਮੈਂਬਰ ਇੱਕ ਤੋਂ ਵੱਧ ਆਹੁੱਦਿਆਂ ਲਈ ਨਾਮਜ਼ਦਗੀ ਪੱਤਰ ਭਿਜਵਾ ਸਕਦਾ ਹੈ ਅਤੇ ਚੁਣਿਆ ਜਾ ਸਕਦਾ ਹੈ। ਪਰ ਉਹ ਟਿਕਿਆ ਇੱਕ ਆਹੁੱਦੇ ਤੇ ਹੀ ਰਹਿ ਸਕੇਗਾ। ਇੱਕ ਮਹੀਨੇ ਦੇ ਅੰਦਰ-ਅੰਦਰ ਉਸ ਨੂੰ ਦੂਜੇ ਆਹੁੱਦੇ/ਆਹੁੱਦਿਆਂ ਤੋਂ ਅਸਤੀਫ਼ਾ ਦੇਣਾ ਪਵੇਗਾ। ਇਸ ਨਿਯਮ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਉਹ ਸਾਰੇ ਆਹੁੱਦਿਆਂ ਤੋਂ ਖਾਰਜ ਸਮਝਿਆ ਜਾਵੇਗਾ।
(ਅ) ਖਾਲੀ ਹੋਈ ਪਦਵੀ ਜਾਂ ਪਦਵੀਆਂ ਲਈ ਚੋਣਾਂ ਵਿੱਚ ਅਗਲਾ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਚੁਣਿਆ ਗਿਅ ਸਮਝਿਆ ਜਾਵੇਗਾ।
(6) ਰੀਟਰਨਿੰਗ ਅਫ਼ਸਰ ਸਾਰੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਲਈ ਇੱਕ ਨਿਸ਼ਚਿਤ ਤਰੀਕ ਮਿੱਥੇਗਾ ਤੇ ਇਸ ਸਬੰਧੀ ਉਮੀਦਵਾਰ ਨੂੰ ਸੂਚਿਤ ਕਰੇਗਾ ਤਾਂ ਜੋ ਉਹ ਚਾਹੁਣ ਤਾਂ ਪੜਤਾਲ ਸਮੇਂ ਹਾਜਰ ਹੋ ਸਕਣ।
(7) ਪੜਤਾਲ ਉਪਰੰਤ ਹਰ ਪੱਖੋਂ ਸਹੀ ਨਾਮਜ਼ਦਗੀਆਂ ਦੀ ਸੂਚਨਾ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ ਅਤੇ ਨਾਲ ਹੀ ਨਾਂ ਵਾਪਿਸ ਲੈਣ ਦੀ ਅੰਤਿਮ ਤਰੀਕ ਦੱਸੀ ਜਾਵੇਗੀ।
(8) ਨਿਸ਼ਚਿਤ ਮਿਤੀ ਤੱਕ ਜਿਹੜੇ ਉਮੀਦਵਾਰ ਆਪਣੇ ਨਾਮ ਵਾਪਿਸ ਨਹੀਂ ਲੈਣਗੇ ਅਤੇ ਚੋਣ ਵਿੱਚ ਭਾਗ ਲੈਣ ਦੇ ਇਛੁੱਕ ਹੋਣਗੇ, ਉਨ੍ਹਾਂ ਦੀ ਸੂਚੀ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ ਉਸੇ ਅਨੁਸਾਰ ਵੋਟਾਂ ਪਾਏ ਜਾਣ ਦੀ ਤਰੀਕ, ਸਮਾਂ ਅਤੇ ਸਥਾਨ ਆਦਿ ਬਾਰੇ ਪ੍ਰੈਸ ਰਾਹੀਂ ਸਾਰੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
(9) ਵੋਟਾਂ ਪਾਉਣ ਸਮੇਂ ਹਰ ਮੈਂਬਰ ਕੋਲ ਆਪਣੀ ਪਛਾਣ ਦੇ ਸਬੂਤ ਵਜੋਂ ਭਾਈਚਾਰੇ ਵੱਲੋਂ ਜਾਰੀ ਜਾਂ ਚੋਣ ਕਮਿਸ਼ਨ ਵੱਲੋਂ ਪ੍ਰਵਾਣਿਤ ਕੋਈ ਪਛਾਣ ਪੱਤਰ ਜ਼ਰੂਰ ਹੋਣਾ ਚਾਹੀਦਾ ਹੈ। ਅਜਿਹੇ ਸਬੂਤ ਤੋਂ ਬਿਨ੍ਹਾਂ ਮੈਂਬਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ।
(10) ਜਿੱਥੇ ਆਹੁੱਦਿਆਂ ਦੀ ਗਿਣਤੀ ਇੱਕ ਤੋਂ ਵੱਧ ਹੈ ਉੱਥੇ ਹਰ ਵੋਟਰ ਲਈ ਲਾਜ਼ਮੀ ਹੋਵੇਗਾ ਕਿ ਘੱਟੋ-ਘੱਟ ਅੱਧੇ ਆਹੁੱਦਿਆਂ ਲਈ ਵੋਟ ਦਾ ਹੱਕ ਜ਼ਰੂਰ ਵਰਤੇ ਨਹੀਂ ਤਾਂ ਸਬੰਧਤ ਬੈਲਟ ਪੇਪਰ ਰੱਦ ਸਮਝਿਆ ਜਾਵੇਗਾ। ਇਹ ਨੇਮ ਕਾਰਜਕਾਰਨੀ ਦੀ ਚੋਣ ਉੱਤੇ ਵੀ ਲਾਗੂ ਹੋਵੇਗਾ।
(11) ਰੀਟਰਨਿੰਗ ਅਫ਼ਸਰ ਨਿਸ਼ਚਿਤ ਮਿਤੀ ਤੇ ਸਾਰਾ ਕੰਮ ਭੁਗਤਾਏਗਾ ਅਤੇ ਉਸੇ ਦਿਨ ਵੋਟਾਂ ਪੈਣ ਉਪਰੰਤ ਵੋਟਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕਰ ਦੇਵੇਗਾ। ਚੋਣ ਕਰਾਉਣ ਵਿੱਚ ਰੀਟਰਨਿੰਗ ਅਫ਼ਸਰ ਆਪਣੀ ਸਹਾਇਤਾ ਲਈ ਕੁਝ ਭਰੋਸੇਯੋਗ ਮੈਂਬਰਾਂ ਨੂੰ ਨਾਲ ਜੋੜ ਸਕਦਾ ਹੈ।
(12) ਉਮੀਦਵਾਰ ਆਪ ਜਾਂ ਆਪਣੀ ਥਾਂ ਕਿਸੇ ਹੋਰ ਵਿਅਕਤੀ ਨੂੰ ਵੋਟਾਂ ਦੀ ਗਿਣਤੀ ਸਮੇਂ ਨਿਗਰਾਨ ਥਾਪ ਸਕਦਾ ਹੈ ਪਰ ਉਹ ਆਪ ਵੋਟਾਂ ਗਿਣਨ ਦੇ ਕਾਰਜ ਵਿੱਚ ਭਾਗ ਨਹੀਂ ਲਵੇਗਾ।
(13) ਚੋਣ ਸਬੰਧੀ ਉੱਠੇ ਇਤਰਾਜ਼ਾਂ ਜਾਂ ਵਾਦ ਵਿਵਾਦਾਂ ਬਾਰੇ ਰੀਟਰਨਿੰਗ ਅਫ਼ਸਰ ਦਾ ਨਿਰਣਾ ਅੰਤਿਮ ਹੋਵੇਗਾ ਤੇ ਇਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ।