ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ -ਸ਼੍ਰੋਮਣੀ ਪੁਰਸਕਾਰਾਂ ਨਾਲ -ਆਪਣੀਆਂ ਝੋਲੀਆਂ ਭਰਨ ਦਾ ਇਤਿਹਾਸ

ਰਾਜ ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ ਸ਼੍ਰੋਮਣੀ ਪੁਰਸਕਾਰਾਂ ਨਾਲ ਆਪ ਹੀ ਆਪਣੀਆਂ ਝੋਲੀਆਂ ਭਰਨ ਦਾ ਇਤਿਹਾਸ

1.       ਸਾਲ 2007-2008 ਦੇ ਪੁਰਸਕਾਰਾਂ ਦੀ ਚੋਣ ਸਮੇਂ ਸਲਾਹਕਾਰ ਬੋਰਡ ਦੇ ਸੱਤ ਮੈਂਬਰਾਂ ਜਸਵੰਤ ਸਿੰਘ ਕੰਵਲ, ਦਲੀਪ ਕੋਰ ਟਿਵਾਣਾ, ਛੋਟੂ ਰਾਮ ਮੋਦਗਿਲ, ਡਾ. ਕਰਨੈਲ ਸਿੰਘ ਥਿੰਦ, ਡਾ. ਰਵਿੰਦਰ ਕੌਰ, ਸਿੱਧੂ ਦਮਦਮੀ ਅਤੇ ਚੰਦਰ ਤ੍ਰਿਖਾ ਨੇ ਆਪਣੇ ਆਪ ਨੂੰ ਪੁਰਸਕਾਰਾਂ ਲਈ ਚੁਣਿਆ। ਸੱਤਵੀਂ ਮੈਂਬਰ ਡਾ.ਧਨਵੰਤ ਕੌਰ ਨੇ ਆਪਣੇ ਜੀਵਨ ਸਾਥੀ ਡਾ.ਜਸਵਿੰਦਰ ਸਿੰਘ ਨੂੰ।

2.       ਸਲਾਹਕਾਰ ਬੋਰਡ ਦੀ ਇਸ ਅਨੈਤਿਕ ਚੋਣ ਨੂੰ ਸ਼੍ਰੀ ਪਰਦੀਪ ਜੋਸ਼ੀ ਵੱਲੋਂ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ। ਪੁਰਸਕਾਰ ਲਈ ਚੁਣੀਆਂ ਗਈਆਂ ਅੱਠੇ ਸ਼ਖ਼ਸੀਅਤਾਂ ਨੂੰ ਪਟੀਸ਼ਨ ਵਿਚ ਧਿਰ ਬਣਾਇਆ ਗਿਆ। ਅੱਠਾਂ ਨੇ ਵਕੀਲ ਰਾਹੀਂ ਆਪਣਾ ਪੱਖ ਪੇਸ਼ ਕੀਤਾ ਅਤੇ ਆਪਣੀ ਚੋਣ ਨੂੰ ਠੀਕ ਠਹਿਰਾਇਆ। ਹਾਈ ਕੋਰਟ ਦੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਇੱਕ ਹਲਫ਼ੀਆ ਬਿਆਨ ਦਾਇਰ ਕਰਕੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੇ ਤੋਂ ਸਰਕਾਰ ਇੱਕ ਅਜਿਹੀ ਨੀਤੀ ਬਣਾਵੇਗੀ ਜਿਸ ਵਿਚ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੇ ਹਿਤ ਚੋਣ ਵਿਚ ਆੜੇ ਨਾ ਆਉਣ।

3.       ਹਾਈ ਕੋਰਟ ਵਿਚ ਦਿੱਤੇ ਭਰੋਸੇ ਨੂੰ ਅਮਲੀ ਰੂਪ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਪੁਰਸਕਾਰ ਪਾਲਿਸੀ ਨਿਰਧਾਰਨ ਕਰਨ ਲਈ ਇੱਕ ਸਬ-ਕਮੇਟੀ ਬਣਾਈ ਗਈ। ਇਸ ਕਮੇਟੀ ਵੱਲੋਂ ਸੁਝਾਅ ਦਿੱਤਾ ਗਿਆ ਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਮੈਂਬਰ ਨੂੰ ਪਹਿਲਾਂ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇਣਾ ਪਵੇਗਾ ਅਤੇ ਉਸ ਮੈਂਬਰ (ਜਾਂ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ) ਦਾ ਨਾਂ ਅਗਲੇ ਸਾਲਾਂ ਦੇ ਪੁਰਸਕਾਰਾਂ ਲਈ ਹੀ ਵਿਚਾਰਿਆ ਜਾਵੇਗਾ। ਮੌਜੂਦਾ ਪੁਰਸਕਾਰਾਂ ਲਈ ਨਹੀਂ।

4.       ਸਾਲ 2011 ਵਿਚ ਸਾਲ 2010 ਅਤੇ 2011 ਦੇ ਪੁਰਸਕਾਰਾਂ ਦੀ ਚੋਣ ਸਮੇਂ ਡਾ.ਤੇਜਵੰਤ ਮਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਹੋਣ ਦੇ ਨਾਤੇ ਅਹੁੱਦੇ ਵਜੋਂ ਬੋਰਡ ਦੇ ਮੈਂਬਰ ਸਨ। ਪੁਰਸਕਾਰਾਂ ਦੀ ਚੋਣ ਸਮੇਂ ਉਹ ਮੀਟਿੰਗ ਵਿਚ ਹਾਜਰ ਨਹੀਂ ਹੋਏ। ਆਪਣੀ ਥਾਂ ਉਨ੍ਹਾਂ ਨੇ ਸਭਾ ਦੇ ਜਨਰਲ ਸਕੱਤਰ ਨੂੰ ਭੇਜਿਆ। ਹਾਈ ਕੋਰਟ ਦੇ ਨਿਰਦੇਸ਼ ਅਤੇ ਸਬ-ਕਮੇਟੀ ਦੇ ਫ਼ੈਸਲੇ ਦੇ ਬਾਵਜੂਦ ਉਨ੍ਹਾਂ ਨੂੰ ਸਾਲ 2010 ਦੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਲਈ ਚੁਣ ਲਿਆ ਗਿਆ।

5.       ਸਾਲ 2015 ਦੀ ਮੀਟਿੰਗ ਵਿਚ ਕੁਝ ਮੈਂਬਰਾਂ ਨੇ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਵੀ ਪੁਰਸਕਾਰ ਲਈ ਚੁਣੇ ਜਾਣ ਦੇ ਅਧਿਕਾਰ ਦੀ ਮੰਗ ਕੀਤੀ ਗਈ। ਚੇਅਰਪਰਸਨ ਵੱਲੋਂ ਕੋਰਟ ਦੇ ਨਿਰਦੇਸ਼ ਦੀ ਯਾਦ ਦਵਾ ਕੇ ਇਹ ਮੰਗ ਠੁਕਰਾ ਦਿੱਤੀ ਗਈ।

6.       ਸਾਲ 2020 ਵਿਚ ਗਠਿਤ ਰਾਜ ਸਲਾਹਕਾਰ ਬੋਰਡ ਦੇ ਡਾ.ਜਸਵਿੰਦਰ ਸਿੰਘ ਅਤੇ ਡਾ.ਤੇਜਵੰਤ ਮਾਨ ਮੈਂਬਰ ਸਨ। ਡਾ.ਤੇਜਵੰਤ ਮਾਨ ਵੱਲੋਂ 2010 ਵਾਲਾ ਇਤਿਹਾਸ ਫੇਰ ਦੁਹਰਾਇਆ ਗਿਆ। ਆਪਣੀ ਥਾਂ ਤੇ ਸਭਾ ਦੇ ਜਨਰਲ ਸਕੱਤਰ ਨੂੰ ਮੀਟਿੰਗ ਵਿਚ ਭੇਜਿਆ ਗਿਆ। ਡਾ.ਤੇਜਵੰਤ ਮਾਨ ਨੂੰ ਸਲਾਹਕਾਰ ਬੋਰਡ ਦਾ ਮੈਂਬਰ ਹੁੰਦੇ ਹੋਏ ਵੀ 10 ਲੱਖ ਰੁਪਏ ਵਾਲੇ ਵੱਡੇ ਪੁਰਸਕਾਰ ਲਈ ਚੁਣ ਲਿਆ ਗਿਆ। ਡਾ.ਜਸਵਿੰਦਰ ਸਿੰਘ ਨੇ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਅਸਤੀਫ਼ਾ ਦਿੱਤਾ। ਸਬ-ਕਮੇਟੀ ਦੇ ਫ਼ੈਸਲੇ ਅਨੁਸਾਰ ਉਨ੍ਹਾਂ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਇਨ੍ਹਾਂ (2015-2020) ਪੁਰਸਕਾਰਾਂ ਲਈ ਨਹੀਂ ਸੀ ਵਿਚਾਰਿਆ ਜਾ ਸਕਦਾ। ਫੇਰ ਵੀ ਸਲਾਹਕਾਰ ਬੋਰਡ ਨੇ ਉਨ੍ਹਾਂ ਦੀ ਜੀਵਨ ਸਾਥਣ ਡਾ.ਧਨਵੰਤ ਕੌਰ ਨੂੰ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕਰ ਦਿੱਤਾ।

7.       2008 ਵਿਚ ਡਾ.ਧਨਵੰਤ ਕੌਰ ਵੱਲੋਂ ਆਪਣੇ ਜੀਵਨ ਸਾਥੀ ਨੂੰ ਪੁਰਸਕਾਰ ਲਈ ਚੁਣ ਕੇ ਰਚੇ ਇਤਿਹਾਸ ਨੂੰ ਇਸ ਵਾਰ ਡਾ.ਜਸਵਿੰਦਰ ਸਿੰਘ ਨੇ ਆਪਣੀ ਜੀਵਨ ਸਾਥਣ ਡਾ.ਧਨਵੰਤ ਕੌਰ ਨੂੰ ਪੁਰਸਕਾਰ ਲਈ ਚੁਣ ਕੇ ਇਤਿਹਾਸ ਦੁਹਰਾਇਆ ਗਿਆ।         

          (ਜਿਨ੍ਹਾਂ ਦਸਤਾਵੇਜਾਂ ਵਿਚੋਂ ਇਹ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਉਨ੍ਹਾਂ ਦੀਆਂ ਨਕਲਾਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੋਲ ਮੌਜੂਦ ਹਨ।)