ਸਰਕਾਰੀ ਕਾਲਜ ਕਰਮਸਰ ਵਿਖੇ ਪੰਜਾਬੀ ਮਾਂ ਬੋਲੀ ਪੰਦਰਵਾੜੇ ਅਧੀਨ ਸਮਾਗਮ ਹੋਇਆ :
ਮਿਤੀ 14 ਫਰਵਰੀ 2019 ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜੇ ਦਾ ਦੂਜਾ ਸਮਾਗਮ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਵਿਖੇ ਕਰਵਾਇਆ ਗਿਆ। ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਸ. ਜਸਵੰਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵਿੱਚ ਲਗਭਗ 125 ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਪੰਜਾਬੀ ਸੱਥ ਲੁਦੇਹਾਣਾ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਕਰਮਜੀਤ ਸਿੰਘ ਔਜਲਾ, ਮਹਿੰਦਰ ਸਿੰਘ ਸੇਖੋਂ, ਦਵਿੰਦਰ ਸੇਖਾ, ਹਰਬਖਸ਼ ਸਿੰਘ ਗਰੇਵਾਲ, ਮਿੱਤਰ ਸੈਨ ਮੀਤ, ਸੁਖਇੰਦਰਪਾਲ ਸਿੰਘ ਸਿੱਧੂ, ਅਜੀਤ ਸਿੰਘ ਅਰੋੜਾ ਅਤੇ ਪ੍ਰੋ. ਇੰਦਰਪਾਲ ਸਿੰਘ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸ. ਅਜੀਤ ਸਿੰਘ ਅਰੋੜਾ ਨੇ ਕੀਤੀ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਮੇਸ਼ ਲਾਲ ਜੀ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪਹਿਲੇ ਬੁਲਾਰੇ ਵਜੋਂ ਸ਼੍ਰੀ ਸੁਖਇੰਦਰਪਾਲ ਸਿੰਘ ਸਿੱਧੂ ਨੇ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੇ ਹੋ ਰਹੇ ਘਾਣ ਅਤੇ ਉਸ ਦੇ ਹੱਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਉਪਰੰਤ ਪ੍ਰਮੁੱਖ ਬੁਲਾਰੇ ਵਜੋਂ ਸ਼੍ਰੀ ਮਿਤਰ ਸੈਨ ਮੀਤ ਨੇ ਸਰਕਾਰ, ਰੁਜ਼ਗਾਰ ਅਤੇ ਪਰਿਵਾਰ ਵਿੱਚੋਂ ਪੰਜਾਬੀ ਦੇ ਅਲੋਪ ਹੋ ਜਾਣ ਦੇ ਕਾਰਨਾਂ ਦੀ ਪੜਚੋਲ ਕੀਤੀ ਅਤੇ ਮਾਂ ਬੋਲੀ ਪੰਜਾਬੀ ਨੂੰ ਮੁੜ ਸਰਕਾਰੇ ਦਰਬਾਰੇ ਬਣਦਾ ਥਾਂ ਦਵਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਉਪਰੰਤ ਸ਼੍ਰੀ ਮਹਿੰਦਰ ਸਿੰਘ ਸੇਖੋਂ ਨੇ ਪੰਜਾਬੀ ਭਾਸ਼ਾ ਸੰਬੰਧੀ ਵਿਦਿਆਰਥੀਆਂ ਨੂੰ ਜਾਗ੍ਰਿਤ ਕੀਤਾ ਅਤੇ ਪੰਜਾਬੀ ਭਾਸ਼ਾ ਦੀ ਪ੍ਰਗਤੀ ਲਈ ਆਪਣਾ ਯੋਗਦਾਨ ਪਾਉਣ ਦੀ ਸਹੁੰ ਵੀ ਚੁਕਾਈ। ਇਸ ਉਪਰੰਤ ਸਮਾਗਮ ਵਿਚ ਕਾਲਜ ਵਿੱਚ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਪੰਜਾਬੀ ਸੱਥ ਵੱਲੋਂ ਪੁਸਤਕਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ। ਇਸ ਮੁਕਾਬਲੇ ਵਿੱਚ
ਪਹਿਲਾ ਇਨਾਮ: ਹਰਜੀਤ ਕੌਰ ਬੀ.ਏ.ਭਾਗ ਦੂਜਾ
ਦੂਜਾ ਇਨਾਮ: ਹਰਜੀਤ ਕੌਰ ਬੀ.ਏ.ਭਾਗ ਤੀਜਾ
ਤੀਜਾ ਇਨਾਮ: ਜਸਵਿੰਦਰ ਕੌਰ ਬੀ.ਏ.ਭਾਗ ਤੀਜਾ
ਹੌਸਲਾ ਵਧਾਊ ਇਨਾਮ: ਕਮਲਪ੍ਰੀਤ ਕੌਰ ਬੀ.ਏ.ਭਾਗ ਪਹਿਲਾ
ਹੌਸਲਾ ਵਧਾਊ ਇਨਾਮ: ਪ੍ਰਭਜੋਤ ਕੌਰ ਬੀ.ਏ.ਭਾਗ ਤੀਜਾ
ਨੂੰ ਪ੍ਰਾਪਤ ਹੋਇਆ। ਸ਼੍ਰੀ ਮਿੱਤਰ ਸੈਨ ਮੀਤ ਜੀ ਵੱਲੋਂ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ’ ਪੁਸਤਕ ਕਾਲਜ ਪ੍ਰਿੰਸੀਪਲ ਨੂੰ ਕਾਲਜ ਲਾਇਬ੍ਰੇਰੀ ਲਈ ਭੇਟ ਕੀਤੀ ਗਈ ਅਤੇ ਪੰਜਾਬੀ ਸੱਥ ਲੁਦੇਹਾਣਾ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਨਾਲ ਕਾਲਜ ਪ੍ਰਿੰਸੀਪਲ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿੱਚ ਪ੍ਰਧਾਨਗੀ ਸ਼ਬਦ ਸ਼੍ਰੀ ਅਜੀਤ ਸਿੰਘ ਅਰੋੜਾ ਨੇ ਕਹੇ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਲਈ ਸਮਰਪਣ ਦੀ ਭਾਵਨਾ ਨਾਲ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਸ਼੍ਰੀ ਜਸਵੰਤ ਸਿੰਘ ਨੇ ਸਮਾਗਮ ਦੇ ਅੰਤ ਵਿੱਚ ਹਾਜ਼ਰ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਸਮਾਗਮ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਵੀ ਕੀਤਾ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਪੰਜਾਬੀ ਭਾਸ਼ਾ ਦੀ ਸਥਿਤੀ ਬਹੁਤ ਨਿਘਾਰ ਭਰਪੂਰ ਹੈ ਪਰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਸਥਾਪਤੀ ਅਤੇ ਕਾਰਜਾਂ ਤੋਂ ਇਹ ਭਲੀ ਭਾਂਤ ਯਕੀਨ ਬੱਝ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਸੁਰੱਖਿਅਤ ਹੋਵੇਗਾ ਅਤੇ ਜਲਦੀ ਹੀ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਬਣਦਾ ਸਥਾਨ ਪ੍ਰਾਪਤ ਹੋ ਜਾਏਗਾ।







