ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਦੇ – ਪੱਖ-ਪਾਤੀ ਹੋਣ ਦੇ -ਵੇਰਵੇ

1. ਸਕਰੀਨਿੰਗ ਕਮੇਟੀ ਦੇ 14 ਮੈਂਬਰ (ਸ਼੍ਰੀ ਦਰਸ਼ਨ ਬੁੱਟਰ, ਡਾ.ਸੁਰਜੀਤ ਪਾਤਰ, ਡਾ.ਜੋਗਾ ਸਿੰਘ, ਸ਼੍ਰੀ ਪਰਮਜੀਤ ਸਿੰਘ ਸਿੱਧੂ ਉਰਫ ਪੰਮੀ ਬਾਈ, ਸ਼੍ਰੀ ਅਨਿਲ ਧੀਮਾਨ, ਸਰਦਾਰ ਪੰਛੀ, ਡਾ.ਵਰਿੰਦਰ ਕੁਮਾਰ, ਸ਼੍ਰੀ ਕੇਵਲ ਧਾਲੀਵਾਲ, ਡਾ.ਸੁਰਜੀਤ ਲੀ, ਡਾ.ਦੀਪਕ ਮਨਮੋਹਨ ਸਿੰਘ, ਡਾ.ਮਨਮੋਹਨ ਸਿੰਘ ਦਾਊਂ, ਸ.ਤੀਰਥ ਸਿੰਘ ਢਿੱਲੋਂ, ਡਾ.ਮੇਘਾ ਸਿੰਘ ਅਤੇ ਡਾ.ਸਵਰਾਜਬੀਰ ਸਿੰਘ) ਹਨ।

2. ਭਾਸ਼ਾ ਵਿਭਾਗ ਵਲੋਂ ਪੁਰਸਕਾਰਾਂ ਲਈ ਕਰੀਬ 560 ਸ਼ਖਸ਼ੀਅਤਾਂ ਦੇ ਨਾਂ ਸੁਝਾਏ ਗਏ।

3. ਸਕਰੀਨਿੰਗ ਕਮੇਟੀ ਦਾ ਕੰਮ ਇਨ੍ਹਾਂ ਨਾਂਵਾਂ ਵਿਚੋਂ ਹਰ ਪੁਰਸਕਾਰ ਲਈ 3/3 ਨਾਂ ਛਾਂਟ ਕੇ ਪੈਨਲ ਤਿਆਰ ਕਰਨਾ ਸੀ। ਇਸ ਵਾਰ ਪੁਰਸਕਾਰਾਂ ਦੀ ਗਿਣਤੀ 108 ਸੀ। ਕਮੇਟੀ ਵਲੋਂ ਪੈਨਲਾਂ ਲਈ 324 ਨਾਂ ਛਾਂਟੇ ਜਾਣੇ ਸਨ।

4. ਭਾਸ਼ਾ ਵਿਭਾਗ ਨੇ ਚਾਰ ਸ਼੍ਰੇਣੀਆਂ (ਰਾਗੀ, ਢਾਡੀ, ਉਰਦੂ ਅਤੇ ਗਾਇਕ) ਲਈ ਕ੍ਰਮ ਅਨੁਸਾਰ 17, 15, 26, 24 ਨਾਂ ਸੁਝਾਏ ਸਨ। ਪੁਰਸਕਾਰਾਂ ਲਈ ਹੋਰ ਨਾਂ ਇੱਕਠੇ ਕਰਨ ਦੀ ਥਾਂ ਕਮੇਟੀ ਵਲੋਂ ਪੈਨਲ ਹੀ ਛੋਟੇ ਕਰ ਦਿੱਤੇ ਗਏ। 3/3 ਦੀ ਥਾਂ ਪੈਨਲਾਂ ਵਿਚ 2/2 ਨਾਂ ਹੀ ਸ਼ਾਮਲ ਕੀਤੇ ਗਏ। ਸੂਚੀਆਂ ਤੋਂ ਬਾਹਰ ਰਹਿ/ਰਖੇ ਗਏ ਹਜਾਰਾਂ ਯੋਗ ਸ਼ਖਸ਼ੀਅਤਾਂ ਨਾਲ ਪਹਿਲਾ ਪੱਖਪਾਤ।

5. ਕਮੇਟੀ ਦੀ ਮੀਟਿੰਗ 1 ਦਸੰਬਰ 2020 ਨੂੰ 11.00 ਵਜੇ ਸ਼ੁਰੂ ਹੋਈ। ਬੈਠਕ ਵਿਚ ਡਾ.ਮੇਘਾ ਸਿੰਘ ਅਤੇ ਡਾ.ਸਵਰਾਜਬੀਰ ਸਿੰਘ  ਤੋਂ ਬਿਨ੍ਹਾਂ ਬਾਕੀ ਸਾਰੇ ਮੈਂਬਰ ਸ਼ਾਮਲ ਹੋਏ। ਸਕਰੀਨਿੰਗ ਕਮੇਟੀ ਵਲੋਂ ਪੈਨਲਾਂ ਲਈ 300 ਨਾਂ ਛਾਂਟੇ ਗਏ। ਕਰੀਬ 260 ਨਾਂ ਰੱਦ ਕੀਤੇ ਗਏ। ਰੱਦ ਕੀਤੇ ਗਏ ਨਾਂਵਾਂ ਵਿਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਦਿੱਗਜ ਅਜੀਤ ਕੌਰ, ਸਰਦਾਰਾ ਸਿੰਘ ਜੌਹਲ, ਪ੍ਰੇਮ ਗੋਰਖੀ, ਬਲਬੀਰ ਮਾਧੋਪੁਰੀ, ਦੇਵ ਥਰੀਕੇ ਵਾਲਾ, ਬਚਿੰਤ ਕੌਰ, ਰਾਣੀ ਬਲਬੀਰ ਕੌਰ, ਰਾਣਾ ਰਣਬੀਰ, ਡਾ.ਸਤਿੰਦਰ ਸਰਤਾਜ ਆਦਿ ਵੀ ਸ਼ਾਮਲ ਹਨ। ਦੂਜਾ ਪੱਖਪਾਤ।

6. ਕਮੇਟੀ ਵੱਲੋਂ ਆਪਣੇ ਤੌਰ ਤੇ 16 ਅਜਿਹੇ ਨਾਂ ਪੈਨਲਾਂ ਵਿਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ਨਾਂ ਭਾਸ਼ਾ ਵਿਭਾਗ ਵੱਲੋਂ ਕਿਸੇ ਵੀ ਸ਼੍ਰੇਣੀ ਲਈ ਨਹੀਂ ਸਨ ਸੁਝਾਏ ਗਏ। ਕਈ ਉਮੀਦਵਾਰਾਂ ਦੀਆਂ ਸ਼੍ਰੇਣੀਆਂ ਬਦਲੀਆਂ ਗਈਆਂ। ਕਈ ਅਜਿਹੇ ਨਾਂ ਪੈਨਲਾਂ ਵਿਚ ਸ਼ਾਮਲ ਕੀਤੇ ਗਏ ਜੋ ‘ਵਿਆਖਿਆ ਪੱਤਰ’ ਵਿਚ ਦਰਜ, ਉਸ ਸ਼੍ਰੇਣੀ ਦੇ ਪੁਰਸਕਾਰ ਲਈ ਤੈਅ, ਸ਼ਰਤਾਂ ਪੂਰੀਆਂ ਨਹੀਂ ਸਨ ਕਰਦੇ। ਪੱਖ-ਪਾਤ ਹੀ ਪੱਖ-ਪਾਤ।

7. ਸਕਰੀਨਿੰਗ ਕਮੇਟੀ ਦੀ ਮੀਟਿੰਗ ਸਵੇਰੇ 11:00 ਵਜੇ ਸ਼ੁਰੂ ਹੋਈ। ਕਮੇਟੀ ਵਲੋਂ ਕਰੀਬ 560 ਨਾਂ ਵਿਚਾਰੇ ਗਏ। ਜੇ ਕਮੇਟੀ ਨੇ ਇੱਕ ਮੈਂਬਰ ਦੇ ਨਾਂ ਤੇ ਵਿਚਾਰ ਕਰਨ ਲਈ ਇੱਕ ਮਿੰਟ ਹੀ ਲਾਇਆ ਹੋਵੇ ਤਾਂ ਵੀ ਸਾਰੇ ਨਾਂਵਾਂ ਨੂੰ ਵਿਚਾਰਨ ਲਈ ਕਰੀਬ ਦਸ ਘੰਟੇ ਚਾਹੀਦੇ ਸਨ। 300 ਨਾਂ ਛਾਂਟਨ ਬਾਅਦ ਕਮੇਟੀ ਨੇ ਇਹ ਫ਼ੈਸਲਾ ਵੀ ਕੀਤਾ ਕਿ ਕਿਸ ਉਮੀਦਵਾਰ ਨੂੰ ਕਿਸ ਸਾਲ ਦੇ ਪੈਨਲ ਵਿਚ ਰੱਖਣਾ ਹੈ। ਫੇਰ ਇਹ ਫੈਸਲਾ ਕੀਤਾ ਕਿ ਪੈਨਲਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਿਸ ਨੂੰ ਦੇਣਾ ਹੈ। ਲੰਬਾ ਸਮਾਂ ਖਾਣ ਵਾਲੀ ਮਗਜ ਖਪਾਈ।

8. ਫੇਰ ਇਹ ਪੈਨਲ ਟਾਈਪ ਹੋਏ। ਟਾਈਪ ਹੋਏ ਪੈਨਲਾਂ ਤੇ ਹਰ ਮੈਂਬਰ ਦੇ ਦਸਤਖਤ ਹੋਏ। ਬੈਠਕ ਦੀ ਕਾਰਵਾਈ ਲਿਖੀ ਗਈ।

ਕੀ ਇੰਨੀ ਲੰਬੀ ਚੌੜੀ ਪ੍ਰਕ੍ਰਿਆ ਕੁਝ ਘੰਟਿਆਂ ਦੀ ਮੀਟਿੰਗ ਵਿਚ ਸੰਭਵ ਹੋ ਸਕਦੀ ਹੈ? ਬਿਨ੍ਹਾਂ ਸੋਚੇ ਸਮਝੇ ਕਿਹਾ ਜਾ ਸਕਦਾ ਹੈ, ਨਹੀਂ।

ਫੇਰ ਚੋਣ ਬਾਰੇ ਕੀ ਸਿੱਟਾ ਕੱਢਿਆ ਜਾਵੇ? ਫੈਸਲਾ ਤੁਹਾਡੇ ਤੇ ਛੱਡਿਆ।

     (ਜਿਨ੍ਹਾਂ ਦਸਤਾਵੇਜਾਂ ਵਿਚੋਂ ਇਹ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਉਨ੍ਹਾਂ ਦੀਆਂ ਨਕਲਾਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੋਲ ਮੌਜੂਦ ਹਨ।)