ਅੰਤਰਰਾਸ਼ਟਰੀ ਸੰਸਥਾ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਨੇ ਰਾਜਸਥਾਨ ਸਰਕਾਰ ਦੇ ਮੁੱਖ ਮੰਤਰੀ, ਉੱਚ ਸਿੱਖਿਆ ਮੰਤਰੀ, ਕਾਲਜ ਸਿੱਖਿਆ ਕਮਿਸ਼ਨਰ ਅਤੇ ਗੁਰੂ ਗੋਬਿੰਦ ਟ੍ਰਾਈਬਲ ਯੂਨੀਵਰਸਿਟੀ, ਬਾਂਸਵਾੜਾ ਦੇ ਵਾਈਸ-ਚਾਂਸਲਰ ਨੂੰ ਪੱਤਰ ਲਿਖ ਕੇ ਸੈੱਟ ਪ੍ਰੀਖਿਆ ਵਿੱਚ ਪੰਜਾਬੀ ਵਿਸ਼ੇ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਸ ਸੰਸਥਾ ਦੀ ਰਾਜਸਥਾਨ ਇਕਾਈ ਦੇ ਸੰਚਾਲਕ ਅਤੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਵਿੱਚ ਪੰਜਾਬੀ ਵਿਸ਼ੇ ਦੇ ਬੋਰਡ ਆਫ਼ ਸਟੱਡੀ ਦੇ ਮੈਂਬਰ ਡਾ: ਸੰਦੀਪ ਸਿੰਘ ਮੁੰਡੇ ਨੇ ਦੱਸਿਆ ਕਿ ਰਾਜਸਥਾਨ ਵਿੱਚ ਹਜ਼ਾਰਾਂ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚ ਐਮ.ਏ. ਕਰ ਚੁੱਕੇ ਹਨ ਅਤੇ ਉਹ ਲੰਬੇ ਸਮੇਂ ਤੋਂ ਸੈੱਟ ਦੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਸਨ। ਪਰ ਸੈੱਟ ਦੀ ਪ੍ਰੀਖਿਆ ਵਿੱਚ ਪੰਜਾਬੀ ਵਿਸ਼ੇ ਨੂੰ ਸ਼ਾਮਲ ਨਾ ਕੀਤੇ ਜਾਣ ਕਾਰਨ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਭਾਰੀ ਨਿਰਾਸ਼ਾ ਹੋਈ ਹੈ। ਸੰਸਥਾ ਦੇ ਕਾਨੂੰਨੀ ਸਲਾਹਕਾਰ ਅਤੇ ਉੱਘੇ ਪੰਜਾਬੀ ਸਾਹਿਤਕਾਰ ਮਿੱਤਰਸੇਨ ਮੀਤ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਨਵੀਂ ਸਿੱਖਿਆ ਨੀਤੀ ਵਿੱਚ ਮਾਤ ਭਾਸ਼ਾ ’ਤੇ ਜ਼ੋਰ ਦੇਣ ਦੀ ਗੱਲ ਕੀਤੀ ਗਈ ਹੈ, ਉਥੇ ਰਾਜਸਥਾਨ ਵਿੱਚ ਹੋਣ ਵਾਲੀ ਸੈੱਟ ਦੀ ਪ੍ਰੀਖਿਆ ਵਿੱਚ ਪੰਜਾਬੀ ਮਾਤਭਾਸ਼ਾ ਨੂੰ ਸ਼ਾਮਲ ਨਾ ਕਰਕੇ ਪੰਜਾਬੀ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸਾਰੀਆਂ ਮਾਤ ਭਾਸ਼ਾਵਾਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਵੀ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਰਾਜਸਥਾਨੀ ਅਤੇ ਉਰਦੂ ਦੇ ਬਰਾਬਰ ਸਨਮਾਨ ਦੇ ਕੇ ਸੈੱਟ ਪ੍ਰੀਖਿਆ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸੈੱਟ ਪ੍ਰੀਖਿਆ ਰਾਜ ਸਰਕਾਰ ਦੁਆਰਾ ਆਯੋਜਿਤ ਕਾਲਜ ਪ੍ਰੋਫੈਸਰ ਬਣਨ ਲਈ ਯੋਗਤਾ ਪ੍ਰੀਖਿਆ ਹੈ।