ਇਸ ਸੰਸਥਾ ਦੇ ਸੰਸਥਾਪਕਾਂ ਵਿਚੋਂ ਇੱਕ ਮਿੱਤਰ ਸੈਨ ਮੀਤ 1968 ਤੋਂ ਪੰਜਾਬੀ ਵਿਚ ਸਾਹਿਤ ਸਿਰਜਣਾ ਕਰ ਰਹੇ ਹਨ। ਸਾਹਿਤ ਸਿਰਜਣ ਦੇ ਨਾਲ-ਨਾਲ ਉਹ ਵੱਖ-ਵੱਖ ਸਾਹਿਤਕ ਸੰਸਥਾਵਾਂ ਵਿੱਚ ਵੀ ਸਰਗਰਮ ਰਹੇ ਹਨ। ਕਿੱਤੇ ਵਜੋਂ ਵਕੀਲ ਹੋਣ ਕਾਰਨ ਕਾਨੂੰਨ ਦੀ ਡੂੰਘੀ ਸਮਝ ਰੱਖਦੇ ਹਨ।
ਪਿਛਲੇ ਵੀਹ ਕੁ ਸਾਲਾਂ ਤੋਂ ਉਹ ਮਹਿਸੂਸ ਕਰ ਰਹੇ ਸਨ ਕਿ ਪੰਜਾਬੀ ਦੇ ਦਿਨੋ-ਦਿਨ ਸਰਕਾਰ, ਰੁਜ਼ਗਾਰ, ਸਿੱਖਿਆ ਅਤੇ ਪਰਿਵਾਰ ਵਿਚੋਂ ਅਲੋਪ ਹੁੰਦੇ ਜਾਣ ਦੇ ਖ਼ਤਰਨਾਕ ਰੁਝਾਨ ਤੇ ਸਾਹਿਤਕ ਜੱਥੇਬੰਦੀਆਂ ਭਾਵੇਂ ਚਿੰਤਤ ਹਨ ਅਤੇ ਗਾਹੇ-ਬਗਾਹੇ ਆਵਾਜ਼ ਵੀ ਬੁਲੰਦ ਕਰਦੀਆਂ ਹਨ ਪਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨ ਸਾਰਥਕ ਅਤੇ ਤਰਕਸੰਗਤ ਨਹੀਂ ਹਨ।
ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਬਣੇ ਦੋ ਕਾਨੂੰਨਾਂ ‘ਪੰਜਾਬ ਰਾਜ ਭਾਸ਼ਾ ਐਕਟ 1967’ ਅਤੇ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ 2008’ਦੇ ਨਾਲ-ਨਾਲ ਉਨ੍ਹਾਂ ਨੇ ਸੰਵਿ਼ਧਾਨਕ ਵਿਵਸਥਾਵਾਂ ਅਤੇ ਹੋਰ ਰਾਜਾਂ ਦੇ ਰਾਜ ਭਾਸ਼ਾਵਾਂ ਸਬੰਧੀ ਬਣੇ ਕਾਨੂੰਨਾਂ ਦਾ ਗਹਿਰਾ ਅਧਿਐਨ ਕੀਤਾ। ਪੰਜਾਬੀ ਦੇ ਵਿਕਾਸ ਨੂੰ ਮੁੜ ਪੱਕੀ ਲੀਹ ‘ਤੇ ਪਾਉਣ ਦੇ ਉੇਦੇਸ਼ ਨਾਲ, ਮੀਤ ਨੇ ਇਨ੍ਹਾਂ ਕਾਨੂੰਨਾਂ ਦੀਆਂ ਘਾਟਾਂ ਉਜਾਗਰ ਕਰਨ ਦੇ ਨਾਲ-ਨਾਲ ਕਾਨੂੰਨੀ ਖ਼ਾਮੀਆਂ ਨੂੰ ਦੂਰ ਕਰਨ ਲਈ ਲੰਬੀ ਲੇਖ ਲੜੀ ਲਿਖੀ ਜੋ ਲਗਾਤਾਰ ਪੰਜਾਬੀ ਟ੍ਰਿਬਿਊਨ ਵਿੱਚ ਛਪੀ।
ਜਦੋਂ ਸਾਹਿਤਕ ਜੱਥੇਬੰਦੀਆਂ ਅਤੇ ਅਕੈਡਮੀਆਂ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਮੂਲੋਂ ਹੀ ਨਕਾਰ ਦਿੱਤਾ ਤਾਂ ਉਨ੍ਹਾਂ ਨੇ ਸ. ਕਰਮਜੀਤ ਸਿੰਘ ਔਜਲਾ ਰਾਹੀਂ‘ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ’ ਜਿਸਦਾ ਮੁੱਖ ਦਫ਼ਤਰ ਲੁਧਿਆਣਾ ਵਿੱਚ ਹੈ, ਨਾਲ ਸੰਪਰਕ ਸਥਾਪਤ ਕੀਤਾ।
ਸਟਡੀ ਸਰਕਲ ਦੇ ਪ੍ਰਬੰਧਕਾਂ ਨਾਲ ਗਹਿਰ ਗੰਭੀਰ ਚਰਚਾਵਾਂ ਤੋਂ ਬਾਅਦ ਸਟਡੀ ਸਰਕਲ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਫੇਰ ਉਨ੍ਹਾਂ ਦੇ ਠੋਸ ਹੱਲ ਲੱਭਣ ਲਈ ਹਰ ਸਾਲ ਵਿਸ਼ਵ ਪੱਧਰ ਦੇ ਸਮਾਗਮ ਆਯੋਜਤ ਕਰਨ ਦਾ ਫ਼ੈਸਲਾ ਕੀਤਾ। ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਸਤੰਬਰ 2015 ਵਿੱਚ ਲੁਧਿਆਣਾ ਵਿਖੇ ਹੋਈ। ਦੂਜੀ ਅਗਲੇ ਸਾਲ ਸਤੰਬਰ ਵਿੱਚ ਮੋਹਾਲੀ ਵਿੱਚ ਅਤੇ ਤੀਜੀ ਫਰਵਰੀ 2018 ਵਿੱਚ ਰੋਪੜ ਵਿਖੇ ਹੋਈ। ਇਨ੍ਹਾਂ ਕਾਨਫ਼ਰੰਸਾਂ ਦੇ ਸਾਰਥਕ ਸਿੱਟੇ ਨਿਕਲੇ। ਸਿਆਸੀ ਅਤੇ ਬੁੱਧੀਜੀਵੀਆਂ ਵਿੱਚ ਹਿਲ-ਜੁਲ ਹੋਣ ਲੱਗੀ। ਸਰਕਾਰ ਵੀ ਹਰਕਤ ਵਿੱਚ ਆਈ।
ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਦਫ਼ਤਰੀ ਕੰਮ-ਕਾਜਨੂੰ ਪੰਜਾਬੀ ਵਿੱਚ ਕੀਤੇ ਜਾਣ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਏ ਜਾਣ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਹੁਕਮ ਜਾਰੀ ਹੋਏ।
ਵੱਖਰੇ ਅਤੇ ਸਾਰਥਕ ਢੰਗ ਨਾਲ ਪੰਜਾਬੀ ਦੇ ਵਿਕਾਸ ਲਈ ਸ਼ੁਰੂ ਹੋਏ ਇਨ੍ਹਾਂ ਯਤਨਾਂ ਦੇ ਚਰਚੇ ਕੈਨੇਡਾ ਤੱਕ ਪਹੁੰਚ ਗਏ। ਵੈਨਕੂਵਰ ਵਿੱਚ ਸਰਗਰਮ, ਦੋ ਸਿੱਖ ਭਾਈਚਾਰੇ ਨਾਲ ਸਬੰਧਤ ਸੰਸਥਾਵਾਂ ਕੈਨੇਡੀਅਨ ਸਿੱਖ ਸਟਡੀਜ਼ ਐਂਡ ਟੀਚਿੰਗ ਸੋਸਾਇਟੀ ਅਤੇ ਫ਼ੈਡਰੇਸ਼ਨ ਆਫ਼ ਸਿੱਖ ਸੋਸਾਇਟੀਜ਼ ਕੈਨੇਡਾ, ਨੇ ਪੱਛਮੀ ਕੈਨੇਡਾ ਦੇ ਚਾਰ ਪ੍ਰਮੁੱਖ ਅਤੇ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿੱਚ ਨਿਰੋਲ ‘ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇ ਤੇ ਚਾਰ ‘ਵਿਸ਼ਵ ਪੰਜਾਬੀ ਸੰਮੇਲਨ’ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ। ਵੈਨਕੂਵਰ ਵਿੱਚ ਹੋਣ ਵਾਲੇ 10 ਜੂਨ 2018 ਨੂੰ ਮੁੱਖ ਸਮਾਗਮ ਦਾ ਪ੍ਰਬੰਧ ਸ. ਕੁਲਦੀਪ ਸਿੰਘ (ਮੇਜ਼ਬਾਨ ‘ਦਿਲਾਂ ਦੀ ਸਾਂਝ’ ਰੇਡੀਓ ਪ੍ਰੋਗਰਾਮ) ਸ. ਮੋਤਾ ਸਿੰਘ ਝੀਤਾ, ਸ. ਕਿਰਪਾਲ ਸਿੰਘ ਗਰਚਾ, ਸ. ਸਤਨਾਮ ਸਿੰਘ ਜੌਹਲ, ਡਾ.ਪੂਰਨ ਸਿੰਘ ਅਤੇ ਸ.ਦਵਿੰਦਰ ਸਿੰਘ ਘਟੋਹਰਾ ਨੇ ਆਪਣੇ ਹੱਥਾਂ ਵਿਚ ਲਿਆ।
ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੋਂ ਮਹਿੰਦਰ ਸਿੰਘ ਸੇਖੋਂ, ਮਿੱਤਰ ਸੈਨ ਮੀਤ ਅਤੇ ਪ੍ਰੋ.ਪਰਮਜੀਤ ਸਿੰਘ ਸਿੱਧੂ ਨੂੰ ਸੱਦਾ ਆਇਆ। ਇਹ ਤਿੰਨੋ ਬੁਲਾਰੇ, ਪ੍ਰਬੰਧਕਾਂ ਦੇ ਨਿਰਦੇਸ਼ ਅਨੁਸਾਰ 03 ਜੂਨ ਨੂੰ ਵੈਨਕੂਵਰ ਪਹੁੰਚ ਗਏ। ਜਾਂਦਿਆਂ ਹੀ ਪ੍ਰੈੱਸ ਕਾਨਫ਼ਰੰਸਾਂ ਕਰਨ, ਵੱਖ-ਵੱਖ ਟੀ.ਵੀ. ਚੈਨਲਾਂ ਅਤੇ ਰੇਡੀਓਜ਼ ਤੇ ਇੰਟਰਵਿਊਆਂ ਕਰਨ ਅਤੇ ਸਾਹਿਤਕ ਜੱਥੇਬੰਦੀਆਂ ਨਾਲ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੀਡੀਏ ਤੋਂ ਮਿਲੇ ਸਹਿਯੋਗ ਕਾਰਨ,ਸਮਾਗਮ ਵਾਲੇ ਦਿਨ,ਸਰ੍ਹੀ ਦੇ ਕ੍ਰਿਸਟਲ ਬੈਂਕੁਇਟ ਹਾਲ ਵਿੱਚ ਪੰਜਾਬੀਆਂ ਦਾ ਵੱਡਾ ਇਕੱਠ ਜੁੜਿਆ। ਲੱਗੀਆਂ ਕੁਰਸੀਆਂ ਥੋੜ੍ਹੀਆਂ ਰਹਿ ਗਈਆਂ। ਚਾਰ ਵਜੇ ਤੱਕ ਚੱਲੇ ਸਮਾਗਮ ਵਿੱਚ, ਅਖੀਰ ਤੱਕ ਭਰਪੂਰ ਹਾਜ਼ਰੀ ਰਹੀ। ਸਵਾਲ ਜਵਾਬ ਹੋਏ। ਇਸ ਇਤਿਹਾਸਕ ਕਾਮਯਾਬੀ ਕਾਰਨ ਪ੍ਰਬੰਧਕਾਂ ਅਤੇ ਬੁਲਾਰਿਆਂ ਦੇ ਨਾਲ-ਨਾਲ ਦਰਸ਼ਕਾਂ ਦੇ ਚੇਹਰੇ ਵੀ ਗੁਲਾਬ ਵਾਂਗ ਖਿਲ ਗਏ।
ਕਾਮਯਾਬੀ ਦਾ ਇਹ ਸਿਲਸਿਲਾ,ਅਗਲੇ ਤਿੰਨ ਸੰਮੇਲਨਾਂ(ਕੈਲਗਿਰੀ, ਐਡਮਿੰਟਨ ਅਤੇ ਵਿਨੀਪੈੱਗ)ਵਿੱਚ ਵੀ ਜਾਰੀ ਰਿਹਾ।
ਕੈਨੇਡਾ ਵਿੱਚ ਹੀ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਲਈ ਪੁੰਗਰੇ ਇਸ ਬੀਜ ਨੂੰ ਫ਼ਲਦਾਰ ਦਰੱਖਤ ਦਾ ਰੂਪ ਧਾਰਨ ਕਰਨ ਲਈ ਲੋੜੀਂਦੀ ਜ਼ਮੀਨ ਅਤੇ ਵਾਤਾਵਰਣ ਉਪਲੱਬਧ ਕਰਾਉਣ ਲਈ ਅੰਤਰ-ਰਾਸ਼ਟਰੀ ਪੱਧਰ ਤੇ ਇੱਕ ਅਜਿਹੀ ਸੰਸਥਾ ਸਥਾਪਤ ਕੀਤੀ ਜਾਵੇ ਜਿਹੜੀ ਪੰਜਾਬ ਵਿੱਚ ਸਰਕਾਰੀ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਰਹੇ ਅਤੇ ਸਰਕਾਰ ਵੱਲੋਂ ਜਾਰੀ ਹੋਏ ਹੁਕਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਾਉਣ ਲਈ ਸਰਗਰਮ ਰਹੇ। ਅਜਿਹੀ ਸੰਸਥਾ ਜਿਸ ਵਿੱਚ ਹਰ ਧਰਮ ਵਿਚਾਰਧਾਰਾ ਅਤੇ ਸਿਆਸੀ ਸੋਚ ਨਾਲ ਸਬੰਧਤ ਪੰਜਾਬੀ ਹਿਤਾਇਸ਼ੀ, ਬਿਨ੍ਹਾਂ ਕਿਸੇ ਸੰਕੋਚ ਦੇ ਜੁੜ ਸਕਣ। ਜੋ ਵਿਦੇਸ਼ਾਂ ਵਿੱਚ ਵੀ ਲਗਾਤਾਰ ਅਜਿਹੇ ਸਮਾਗਮ ਰਚ ਕੇ ਵਿਸ਼ਵ ਪੱਧਰ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਜਾਗਰੂਕਤਾ ਪੈਦਾ ਕਰੇ।
ਇਸ ਵਿਚਾਰ ਨੇ ਸਤੰਬਰ 2018 ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦਾ ਸਥੂਲ ਰੂਪ ਧਾਰਿਆ।
————–





