ਚੇਤਨਾ ਪ੍ਰਕਾਸ਼ਨ ਨੂੰ ਦੂਸਰੇ ਦੁਕਾਨਦਾਰਾਂ ਦੇ ਮੁਕਾਬਲੇ ਵੱਡੇ ਮਾਲੀ ਗੱਫੇ
ਸਾਲ 2012 ਵਿਚ ਪ੍ਰਬੰਧਕਾਂ ਵੱਲੋਂ ਨਵੇਂ ਬਣੇ ਪੁਸਤਕ ਬਜ਼ਾਰ ਵਿਚ ਤਿੰਨ ਦੁਕਾਨਾਂ (ਪੀ.ਸੀ.ਬੁੱਕ ਗੇਲੈਰੀ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਅਤੇ ਜਨ ਚੇਤਨਾ) ਕਿਰਾਏ ਤੇ ਦਿੱਤੀਆਂ ਗਈਆਂ। ਉਨ੍ਹੀਂ ਹੀ ਦਿਨੀਂ ਦੁਕਾਨਦਾਰਾਂ ਅਤੇ ਮਾਲਕਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਵਾਂ ‘ਪੰਜਾਬ ਰੈਂਟ ਐਕਟ’ ਲਾਗੂ ਕੀਤਾ ਗਿਆ ਸੀ। ਇਸ ਕਾਨੂੰਨ ਦੀ ਇਕ ਵਿਵਸਥਾ ਅਨੁਸਾਰ ਸਬ-ਰਜਿਸਟਰਾਰ ਦੇ ਦਫ਼ਤਰ ਵਿਚ ਕਿਰਾਇਆਨਾਮਾ ਰਜਿਸਟਰ ਕਰਾਉਣਾ ਜ਼ਰੂਰੀ ਹੈ।
ਮਾਲਕਾਂ ਵੱਲੋਂ ਕਿਰਏਦਾਰ ਨੂੰ ਦੁਕਾਨ ਕਿੰਨੇ ਸਾਲਾਂ ਲਈ ਕਿਰਾਏ ਤੇ ਦਿੱਤੀ ਗਈ, ਇਹ ਕਿਰਾਏਨਾਮੇ ਵਿਚ ਲਿਖਣਾ ਜ਼ਰੂਰੀ ਹੈ। ਮਿਆਦ ਪੁੱਗਣ ਬਾਅਦ, ਜੇ ਮਾਲਕ ਚਾਹੇ ਤਾਂ ਕਿਰਾਏਦਾਰ ਨੂੰ ਦੁਕਾਨ ਹਰ ਹਾਲ ਵਿਚ ਖਾਲੀ ਕਰਨੀ ਪੈਂਦੀ ਹੈ। ਜੇ ਕਿਰਾਇਆਨਾਮਾ ਰਜਿਸਟਰ ਨਾ ਕੀਤਾ ਗਿਆ ਹੋਵੇ ਤਾਂ ਕਿਰਾਏਦਾਰ ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ ਅਤੇ ਮਾਲਕ ਨੂੰ ਦੁਕਾਨ ਖਾਲੀ ਕਰਾਉਣ ਲਈ ਸਾਲਾਂ ਬੱਧੀਂ ਅਦਾਲਤ ਵਿਚ ਗੇੜੇ ਖਾਣੇ ਪੈ ਸਕਦੇ ਹਨ।
ਉਸ ਸਮੇਂ ਦੇ ਅਕਾਦਮੀ ਦੇ ਪ੍ਰਬੰਧਕਾਂ ਵੱਲੋਂ ਨਵੇਂ ਤਿੰਨੇ ਦੁਕਾਨਦਾਰਾਂ ਤੋਂ ਇਸ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਕਿਰਾਏਨਾਮਿਆਂ ਨੂੰ ਰਜਿਸਟਰ ਕਰਾਉਣ ਲਈ ਮਜਬੂਰ ਕੀਤਾ ਗਿਆ। ਹਰ ਦੁਕਾਨਦਾਰ ਨੂੰ ਆਪਣੇ ਪਲਿਓਂ ਕਰੀਬ 5000/- ਰੁਪਇਆ ਸਰਕਾਰੀ ਫ਼ੀਸ ਦੇ ਰੂਪ ਵਿਚ ਵੱਧ ਖਰਚਣਾ ਪਿਆ।
ਪੁਸਤਕ ਬਜ਼ਾਰ ਵਾਲੇ ਕਿਰਾਏਦਾਰਾਂ ਤੇ ਸਖਤ ਸ਼ਰਤਾਂ ਹੀ ਨਹੀਂ ਲਾਈਆਂ ਗਈਆਂ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਵੀ ਕਰਵਾਈ ਜਾਂਦੀ ਹੈ। ਇਹ ਸ਼ਰਤਾਂ ਹੇਠਾਂ ਦਿਤੇ ਇਕ ਇਕਰਾਰਨਾਮੇ ਵਿਚੋਂ ਪੜੀਆਂ ਜਾ ਸਕਦੀਆਂ ਹਨ।
ਦੂਜੇ ਪਾਸੇ ਪ੍ਰਬੰਧਕਾਂ ਵੱਲੋਂ, ਅਕਾਦਮੀ ਦੇ ਹਿਤਾਂ ਨੂੰ ਤਾਕ ਤੇ ਰੱਖ ਕੇ, ਚੇਤਨਾ ਪ੍ਰਕਾਸ਼ਨ ਨੂੰ ਕਿਰਾਇਆਨਾਮਾ ਤਸਦੀਕ ਕਰਾਉਣ ਤੋਂ ਗੈਰ-ਕਾਨੂੰਨੀ ਛੋਟ ਦਿੱਤੀ ਗਈ। ਇਸ ਛੋਟ ਨਾਲ ਚੇਤਨਾ ਪ੍ਰਕਾਸ਼ਨ ਦਾ ਕਰੀਬ 5000/- ਰੁਪਇਆ ਤਾਂ ਬਚਿਆ ਹੀ ਨਾਲ ਹੀ ਉਸ ਨੂੰ ਨਵੇਂ ਕਾਨੂੰਨ ਦੀਆਂ ਵਿਵਸਥਾਵਾਂ ਤੋਂ ਵੀ ਛੋਟ ਮਿਲ ਗਈ। ਇਸੇ ਛੋਟ ਦਾ ਫਾਇਦਾ ਉਠਾ ਕੇ ਚੇਤਨਾ ਪ੍ਰਕਾਸ਼ਨ ਪਾਰਕਿੰਗ ਵਾਲੀ ਥਾਂ ਤੇ ਆਰਜ਼ੀ ਤੌਰ ਬਣਾਈ ਗਈ ਦੁਕਾਨ ਨੂੰ ਖਾਲੀ ਨਹੀਂ ਕਰ ਰਿਹਾ। ਖਾਲੀ ਤਾਂ ਕੀ ਕਰਨੀ ਸੀ ਉਲਟਾ ਦਿਨੋ-ਦਿਨ ਦੁਕਾਨ ਦੇ ਅੱਗੇ ਅਤੇ ਪਿੱਛੇ ਪਈ ਜਗ੍ਹਾ ਤੇ ਨਜਾਇਜ਼ ਕਬਜਾ ਕਰਦਾ ਜਾ ਰਿਹਾ ਹੈ।
ਵਾਰ ਵਾਰ ਮੰਗਣ ਤੇ ਵੀ ਪ੍ਰਬੰਧਕ ਇਸ ਅਦਾਰੇ ਨਾਲ ਕੀਤੇ ਗਏ ਇਕਰਾਰਨਾਮੇ ਦੀ ਨਕਲ ਮੇਂਬਰਾਂ ਨੁੰ ਨਹੀਂ ਦਿੰਦੇ।
ਪੁਸਤਕ ਬਜ਼ਾਰ ਦੇ ਕਿਰਾਏਦਾਰਾਂ ਨਾਲ ਕੀਤੇ ਇਕਾਰਾਰਨਾਮੇ ਦਾ ਲਿੰਕ: https://punjabibpb.in/wp-content/uploads/2021/08/RENT-AGGREMENT.pdf
ਇਕਰਾਰਨਾਮੇ ਦੀ ਨਕਲ ਲੈਣ ਲਈ ਲਿਖੀ ਗਈ ਤਾਜ਼ੀ ਚਿੱਠੀ (11.08.2021) ਦਾ ਲਿੰਕ: https://punjabibpb.in/wp-content/uploads/2021/08/1.-Letter-dated-11.08.21.pdf